ਗੁਰਬਖਸ਼ਪੁਰੀ
ਤਰਨ ਤਾਰਨ, 2 ਨਵੰਬਰ
ਸਿਰਸਾ ਦੀ ਰਹਿਣ ਵਾਲੀ ਇਕ 27 ਸਾਲਾ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਸਬੰਧ ਬਣਾਉਣ ਵਾਲੇ ਇਕ ਵਿਅਕਤੀ ਸਮੇਤ ਉਸਦੇ ਪਰਿਵਾਰ ਦੇ ਕੁਲ ਛੇ ਜੀਆਂ ਖ਼ਿਲਾਫ਼ ਖਾਲੜਾ ਪੁਲੀਸ ਨੇ ਬੀਤੇ ਕੱਲ੍ਹ ਕੇਸ ਦਰਜ ਕੀਤਾ ਹੈ|
ਮੁਲਜ਼ਮਾਂ ਵਿੱਚ ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਭੰਡਾਲ ਦੇ ਵਾਸੀ ਸੁਖਚੈਨ ਸਿੰਘ, ਉਸਦੀ ਮਾਤਾ ਚਰਨਜੀਤ ਕੌਰ, ਭਰਾ ਇੰਦਰਜੀਤ ਸਿੰਘ, ਭਰਜਾਈ ਗੁਰਪ੍ਰੀਤ ਕੌਰ, ਭੈਣਾਂ ਰਾਜੂ ਤੇ ਗੋਪੀ ਦਾ ਨਾਂ ਸ਼ਾਮਲ ਹੈ|
ਪੀੜਤ ਲੜਕੀ ਨੇ ਦੱਸਿਆ ਕਿ ਸਤੰਬਰ, 2019 ਵਿੱਚ ਚੰਡੀਗੜ੍ਹ ਦੇ ਕਿਸੇ ਕੋਚਿੰਗ ਸੈਂਟਰ ਤੋਂ ਆਈਲੈਟਸ ਕਰਦੀ ਸੀ ਜਿਥੇ ਉਸ ਦਾ ਸੰਪਰਕ ਸੁਖਚੈਨ ਸਿੰਘ ਨਾਲ ਹੋ ਗਿਆ ਅਤੇ ਉਹ ਦੋਵੇਂ ਮੋਬਾਈਲ ’ਤੇ ਇਕ ਦੂਜੇ ਦੇ ਸੰਪਰਕ ਵਿੱਚ ਰਹੇ| ਸੁਖਚੈਨ ਸਿੰਘ ਲੜਕੀ ਨੂੰ ਨਵੰਬਰ, 2020 ਵਿੱਚ ਆਪਣੇ ਪਰਿਵਾਰ ਨੂੰ ਮਿਲਾਉਣ ਲਈ ਆਪਣੇ ਪਿੰਡ ਭੰਡਾਲ ਵੀ ਲੈ ਕੇ ਆਇਆ ਜਿਥੇ ਉਸ ਨੇ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਸਬੰਧ ਬਣਾਏ ਜਿਸ ’ਤੇ ਸੁਖਚੈਨ ਸਿੰਘ ਦੇ ਪਰਿਵਾਰ ਵਾਲਿਆਂ ਵੱਲੋਂ ਉਸ ਨੂੰ ਵਿਆਹੇ ਹੋਇਆਂ ਵਾਂਗ ਹੀ ਰਹਿਣ ਲਈ ਆਖ ਦਿੱਤਾ ਗਿਆ| ਜਿਸ ਤਹਿਤ ਉਸ ਨੇ ਲੜਕੀ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ| ਲੜਕੀ ਨੇ ਦੋਸ਼ ਲਗਾਇਆ ਕਿ ਸੁਖਚੈਨ ਸਿੰਘ ਨੇ ਅਮਰੀਕਾ ਜਾਣ ਲਈ ਉਸ ਕੋਲੋਂ ਸੱਤ ਲੱਖ ਰੁਪਏ ਦੀ ਨਕਦੀ ਵੀ ਲੈ ਲਈ। ਹੁਣ ਸੁਖਚੈਨ ਸਿੰਘ ਅਤੇ ਉਸ ਦੇ ਪਰਿਵਾਰ ਨੇ ਲੜਕੀ ਨਾਲ ਵਿਆਹ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ| ਪੀੜਤ ਲੜਕੀ ਨੇ 27 ਅਕਤੂਬਰ ਨੂੰ ਹਰਿਆਣਾ ਰਾਜ ਦੇ ਸਿਰਸਾ ਥਾਣੇ ਵਿੱਚ ਜ਼ੀਰੋ ਨੰਬਰ ਤਹਿਤ ਐੱਫਆਈਆਰ ਦਰਜ ਕਰਵਾਈ ਸੀ ਜਿਹੜੀ ਤਰਨ ਤਾਰਨ ਜ਼ਿਲ੍ਹੇ ਦੇ ਥਾਣਾ ਖਾਲੜਾ ਥਾਣਾ ਵੱਲੋਂ ਬੀਤੇ ਮੰਗਲਵਾਰ ਨੂੰ ਮੁਲਜ਼ਮਾਂ ਖ਼ਿਲਾਫ਼ ਦਫ਼ਾ 376 (2), 406, 506, 34 ਅਧੀਨ ਦਰਜ ਕੀਤੀ ਗਈ ਹੈ| ਕੇਸ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਸਬ ਇੰਸਪੈਕਟਰ (ਏਐੱਸਆਈ) ਕਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।