ਪੱਤਰ ਪ੍ਰੇਰਕ
ਧਾਰੀਵਾਲ/ਕਾਦੀਆਂ, 2 ਅਗਸਤ
ਥਾਣਾ ਕਾਦੀਆਂ ਦੇ ਅਧੀਨ ਪੈਂਦੇ ਇਕ ਪਿੰਡ ਵਿੱਚ 7 ਸਾਲਾ ਬੱਚੀ ਨਾਲ ਨੌਜਵਾਨ ਵੱਲੋਂ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ ਗਿਆ। ਪੁਲੀਸ ਨੇ ਪੀੜਤ ਬੱਚੀ ਦੇ ਪਿਤਾ ਦੇ ਬਿਆਨ ’ਤੇ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਕਾਦੀਆਂ ਦੇ ਐੱਸਐੱਚਓ ਸੁਖਰਾਜ ਸਿੰਘ ਨੇ ਦੱਸਿਆ ਕਿ ਬੱਚੀ ਦੇ ਪਿਤਾ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਉਸ ਦੀਆਂ ਚਾਰ ਬੇਟੀਆਂ ਹਨ। ਉਸ ਦੀ ਇਕ ਬੱਚੀ ਘਰ ਦੇ ਬਾਹਰ ਗਲੀ ਵਿੱਚ ਖੇਡ ਰਹੀ ਸੀ ਕਿ ਗੁਰਪ੍ਰੀਤ ਸਿੰਘ ਉਰਫ ਗੱਭਰੂ ਉਸ ਨੂੰ ਅਮਰੂਦ ਤੋੜ ਕੇ ਦੇਣ ਦੇ ਬਹਾਨੇ ਨਾਲ ਲੈ ਗਿਆ ਅਤੇ ਗਲਤ ਕੰਮ ਕੀਤਾ। ਬੱਚੀ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਘਰ ਪਹੁੰਚੀ। ਜਦੋਂ ਉਹ ਨੇ ਬੱਚੀ ਨੂੰ ਹਸਪਤਾਲ ਵਿੱਚ ਚੈੱਕ ਕਰਵਾਇਆ ਤਾਂ ਘਟਨਾ ਬਾਰੇ ਪਤਾ ਲੱਗਿਆ।