ਗੁਰਬਖਸ਼ਪੁਰੀ
ਤਰਨ ਤਾਰਨ, 9 ਜੁਲਾਈ
ਸਰਹਾਲੀ ਪੁਲੀਸ ਨੇ ਇਲਾਕ਼ੇ ਦੇ ਪਿੰਡ ਚੌਧਰੀਵਾਲਾ (ਨੌਸ਼ਹਿਰਾ ਪੰਨੂੰਆਂ) ਦੇ ਵਸਨੀਕ ਖ਼ਿਲਾਫ਼ ਇਲਾਕੇ ਦੇ ਪਿੰਡ ਖੇਡਾ ਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ| ਅਜਿਹੀ ਹੀ ਇਕ ਹੋਰ ਘਟਨਾ ਅਨੁਸਾਰ ਥਾਣਾ ਕੱਚਾਪੱਕਾ ਅਧੀਨ ਆਉਣੇ ਪਿੰਡ ਲਖਣਾ ਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰ ਲਿਆ ਗਿਆ| ਸਰਹਾਲੀ ਪੁਲੀਸ ਨੇ ਚੌਧਰੀਵਾਲਾ ਦੇ ਵਾਸੀ ਗੁਰਪ੍ਰੀਤ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ|
ਨੌਸ਼ਹਿਰਾ ਪੰਨੂੰਆਂ ਦੇ ਸਰਕਾਰੀ ਕੰਨਿਆ ਹਾਈ ਸਕੂਲ ਵਿੱਚ ਦਸਵੀਂ ਜਮਾਤ ਵਿੱਚ ਪੜ੍ਹਦੀ ਲੜਕੀ ਦਾ ਮੁਲਜ਼ਮ ਗੁਰਪ੍ਰੀਤ ਸਿੰਘ ਪਿਛਲੇ ਕੁਝ ਸਮੇਂ ਤੋਂ ਪਿੱਛਾ ਕਰਦਾ ਆ ਰਿਹਾ ਸੀ| ਉਹ ਤਿੰਨ ਦਿਨ ਪਹਿਲਾਂ ਰਾਤ ਵੇਲੇ ਲੜਕੀ ਨੂੰ ਉਸ ਦੇ ਘਰੋਂ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਆਪਣੇ ਖੇਤਾਂ ਵਿੱਚ ਬਣਾਏ ਕਮਰੇ ਵਿੱਚ ਲੈ ਆਇਆ ਜਿੱਥੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਦੋ ਦਿਨ ਕਥਿਤ ਬਲਾਤਕਾਰ ਕਰਦਾ ਰਿਹਾ| ਮਗਰੋਂ ਲੜਕੀ ਨੇ ਸਾਰੀ ਘਟਨਾ ਬਾਰੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਜਿਨ੍ਹਾਂ ਇਸ ਬਾਰੇ ਪੁਲੀਸ ਕੋਲ ਸ਼ਿਕਾਇਤ ਕੀਤੀ|
ਦੂਸਰੀ ਘਟਨਾ ਬਾਰੇ ਥਾਣਾ ਕੱਚਾਪੱਕਾ ਦੀ ਪੁਲੀਸ ਨੇ ਲਖਣਾ ਪਿੰਡ ਦੇ ਇਕ ਪਰਿਵਾਰ ਦੇ ਅਬਦਲ ਸਿੰਘ, ਉਸ ਦੇ ਪਿਤਾ ਸ਼ਹਾਬ ਸਿੰਘ, ਮਾਤਾ ਰਾਜ ਕੌਰ ਅਤੇ ਭਰਾ ਰੋਬਿਨ ਸਿੰਘ ਖਿਲਾਫ਼ ਪਿੰਡ ਦੀ ਹੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਕੇ ਲੈ ਜਾਣ ਖਿਲਾਫ਼ ਕੇਸ ਦਰਜ ਕੀਤਾ ਹੈ|