ਪਠਾਨਕੋਟ (ਐੱਨ.ਪੀ.ਧਵਨ): ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਪੁਲੀਸ ਦੀ ਸਹਾਇਤਾ ਨਾਲ ਪਿੰਡ ਭਨਵਾਲ ਵਿੱਚ ਪੰਚਾਇਤ ਦੀ 39 ਕਨਾਲ 10 ਮਰਲੇ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ ਗਿਆ। ਬੀਡੀਪੀਓ ਸੁਜਾਨਪੁਰ ਪ੍ਰਭਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੰਚਾਇਤਾਂ ਦੀਆਂ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ਾ ਛੁਡਾਉਣ ਦੀ ਚਲਾਈ ਗਈ ਮੁਹਿੰਮ ਤਹਿਤ ਭਨਵਾਲ ਵਿੱਚ ਪੰਚਾਇਤ ਦੀ ਲਗਭਗ 39 ਕਨਾਲ 10 ਮਰਲੇ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ’ਤੇ ਟਰੈਕਟਰ ਚਲਾ ਕੇ ਇਸ ਨੂੰ ਖਾਲੀ ਕਰ ਕੇ ਪੰਚਾਇਤ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਹੋਰ ਵੀ ਜੋ ਜ਼ਮੀਨ ਕਿਸੇ ਦੇ ਕਬਜ਼ੇ ਵਿੱਚ ਹੈ, ਉਸ ਦੀ ਨਿਸ਼ਾਨਦੇਹੀ ਕਰਵਾ ਕੇ ਉਸ ਨੂੰ ਕਬਜ਼ਾ ਮੁਕਤ ਕਰਵਾਇਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਚਾਇਤ ਦੀ ਕੋਈ ਵੀ ਜ਼ਮੀਨ ਨਾਜਾਇਜ਼ ਕਬਜ਼ੇ ਵਿੱਚ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਐੱਸਐੱਚਓ ਨਵਦੀਪ ਸ਼ਰਮਾ, ਸਰਪੰਚ ਅਵਤਾਰ ਸਿੰਘ ਕੋਹਾਲ ਤੇ ਪੰਚਾਇਤ ਸਕੱਤਰ ਰਮੇਸ਼ ਕੁਮਾਰ ਆਦਿ ਹਾਜ਼ਰ ਸਨ।