ਪੱਤਰ ਪ੍ਰੇਰਕ
ਚੇਤਨਪੁਰਾ, 14 ਅਪਰੈਲ
ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਸਜਾਏ ਗਏ ਧਾਰਮਿਕ ਦੀਵਾਨ ਦੌਰਾਨ ਭਾਈ ਪਰਦੀਪ ਸਿੰਘ ਹਜ਼ੂਰੀ ਰਾਗੀ, ਭਾਈ ਤਲਬੀਰ ਸਿੰਘ ਤੁਲਸੀ, ਭਾਈ ਮਨੋਹਰ ਸਿੰਘ ਚੇਤਨਪੁਰਾ ਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਦੀਵਾਨ ਸਜੇ ਰਾਗੀ ਭਾਈ ਦਲੇਰ ਸਿੰਘ ਜੀ, ਭਾਈ ਤਰਸੇਮ ਸਿੰਘ, ਭਾਈ ਲਾਲ ਸਿੰਘ ਨੇ ਕੀਰਤਨ ਕੀਤਾ। ਬੀਬੀ ਜਸਜੀਤ ਕੌਰ ਨੇ ਸੰਗਤਾਂ ਨਾਲ ਬੜੇ ਹੀ ਵਿਦਵਤਾਪੂਰਨ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਸਤੀ ਦਾਨਿਸ਼ਮੰਦਾ ਵੱਡਾ ਬਾਜ਼ਾਰ ਵੱਲੋਂ ਅੱਜ ਖਾਲਸਾ ਪੰਥ ਦਾ ਸਿਰਜਣਾ ਦਿਵਸ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਧਾਰੀਵਾਲ (ਪੱਤਰ ਪ੍ਰੇਰਕ): ਇੱਥੇ ਗੁਰੂ ਅਰਜਨ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਵਿੱਚ ਖਾਲਸਾ ਸਾਜਨਾ ਦਿਵਸ ਅਤੇ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ। ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨੀ ਅਤੇ ਕਵੀਸ਼ਰੀ ਜਥਿਆਂ ਨੇ ਗੁਰਬਾਣੀ ਕੀਰਤਨ, ਕਥਾ-ਵਿਚਾਰਾਂ ਅਤੇ ਕਵੀਸ਼ਰੀਆਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਵਿੱਚ ਐਸਜੀਪੀਸੀ ਮੈਂਬਰ ਬੀਬੀ ਜਸਬੀਰ ਕੌਰ ਜਫਰਵਾਲ, ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇ.ਰਤਨ ਸਿੰਘ ਜ਼ਫਰਵਾਲ, ਮੈਨੇਜਰ ਸੰਤੋਖ ਸਿੰਘ ਤਲਵੰਡੀ ਰਾਮਾ ਸਣੇ ਇਲਾਕੇ ਭਰ ਤੋਂ ਸੰਗਤ ਸ਼ਾਮਲ ਹੋਈ।
ਫਗਵਾੜਾ (ਪੱਤਰ ਪ੍ਰੇਰਕ): ਫਗਵਾੜਾ ਦੇ ਗੁਰਦੁਆਰਿਆਂ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। ਮੁੱਖ ਸਮਾਗਮ ਇਤਿਹਾਸਿਕ ਗੁਰਦੁਆਰਾ ਸੂਖਚੈਨਆਣਾ ਸਾਹਿਬ ਵਿਖੇ ਕਰਵਾਇਆ ਗਿਆ।ਅੱਜ ਤੜਕਸਾਰ ਤੋਂ ਹੀ ਦੂਰ ਦੁਰੇਡੇ ਤੋਂ ਵੱਡੀ ਗਿਣਤੀ ’ਚ ਸੰਗਤਾਂ ਪੁੱਜਣੀਆਂ ਸ਼ੁਰੂ ਹੋ ਗਈਆਂ ਜਿਨ੍ਹਾਂ ਨੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ ਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਵਿਸਾਖੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਟਾਹਲੀ ਸਾਹਿਬ ਸੁੱਧਾ ਮਾਜਰਾ, ਲੋਹਟਾਂ, ਗਹੂੰਣ, ਨਾਨਕ ਨਿਰਵੈਰ ਸੱਚਖੰਡ ਧਾਮ, ਗੁਰਦੁਆਰਾ ਰਾਮਗੜ੍ਹੀਆ ਬਲਾਚੌਰ, ਰੱਕੜਾਂ ਢਾਹਾ, ਨਿਊ ਕਲੋਨੀ ਰੱਕੜਾਂ ਬੇਟ, ਕੰਗਣਾ ਬੇਟ, ਸੁੱਜੋਵਾਲ, ਮਹਿਤਪੁਰ ਉਲੱਦਣੀ, ਕਾਠਗੜ੍ਹ, ਸਿਆਣਾ, ਜਗਤਪੁਰ, ਫਿਰਨੀ ਮਜਾਰਾ, ਬਛੌੜੀ, ਦਿਆਲਾਂ ਅਤੇ ਮਜਾਰੀ ਆਦਿ ਪਿੰਡਾਂ ਦੇ ਗੁਰਦੁਆਰਿਆਂ ਧਾਰਮਿਕ ਸਮਾਗਮ ਕਰਵਾਏ ਗਏ।
ਪਠਾਨਕੋਟ (ਪੱਤਰ ਪ੍ਰੇਰਕ): ਪਿੰਡ ਡੂੰਗ ਵਿੱਚ ਮੁਕਤੇਸ਼ਵਰ ਮਹਾਂਦੇਵ ਮੰਦਰ ਵਿੱਚ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਹਜ਼ਾਰਾਂ ਸ਼ਰਧਾਲੂਆਂ ਨੇ ਰਾਵੀ ਦਰਿਆ ਵਿੱਚ ਡੁਬਕੀ ਮਾਰੀ ਅਤੇ ਮੰਦਰ ਵਿੱਚ ਮੱਥਾ ਟੇਕਿਆ। ਮੰਦਰ ਕਮੇਟੀ ਦੇ ਆਗੂ ਭੀਮ ਸਿੰਘ, ਗੁਲਜ਼ਾਰ ਸਿੰਘ, ਅੰਕੁਸ਼ ਤਨਵਾਲ, ਭਾਗ ਸਿੰਘ, ਪ੍ਰਸ਼ੋਤਮ ਸਿੰਘ, ਗੋਪਾਲ ਸ਼ਰਮ, ਨਰੇਸ਼ ਕੁਮਾਰ, ਸੰਦੀਪ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਇਥੇ ਰੱਖੇ ਗਏ ਸ਼ਿਵ ਪੁਰਾਣ ਦੇ ਪਾਠ ਦਾ ਭੋਗ ਅੱਜ ਪਾ ਕੇ ਪ੍ਰਸ਼ਾਦ ਨੂੰ ਵੰਡਿਆ ਗਿਆ।
ਜੈਂਤੀਪੁਰ (ਪੱਤਰ ਪ੍ਰੇਰਕ): ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਮੈਨੇਜਰ ਹਰਜੀਤ ਸਿੰਘ ਭੋਆ ਦੇ ਯੋਗ ਪ੍ਰਬੰਧਾਂ ਹੇਠ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਵਿਸਾਖੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜੇ ਦੀਵਾਨ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਤੇ ਕਵੀਸ਼ਰ ਜੱਥਿਆਂ ਨੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਅਤੇ ਗੁਰ ਇਤਿਹਾਸ ਸਰਵਣ ਕਰਵਾ ਕੇ ਨਿਹਾਲ ਕੀਤਾ।
ਵਿਦਿਅਕ ਅਦਾਰਿਆਂ ਵਿੱਚ ਸੱਭਿਆਚਾਰਕ ਸਮਾਗਮ
ਦਸੂਹਾ (ਪੱਤਰ ਪ੍ਰੇਰਕ): ਇਥੋ ਦੇ ਵੱਖ ਵੱਖ ਸਕੂਲਾਂ-ਕਾਲਜਾਂ ‘ਚ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਐਸ.ਵੀ.ਜੇ.ਸੀ.ਡੀ.ਏ.ਵੀ ਪਬਲਿਕ ਸਕੂਲ ਵਿੱਚ ਪ੍ਰਿੰਸੀਪਲ ਰਸ਼ਮੀ ਮਹਿੰਗੀ ਦੀ ਅਗਵਾਈ ਹੇਠ ਵਿਸਾਖੀ ਦੇ ਸਬੰਧ ਵਿੱਚ ਕਵਿਤਾਵਾਂ, ਭਾਸ਼ਣ ਅਤੇ ਗੀਤ-ਸੰਗੀਤ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਜੀਟੀਬੀ ਖਾਲਸਾ ਕਾਲਜ (ਬੀ.ਐਡ) ਆਫ ਐਜ਼ੂਕੇਸ਼ਨ ਅਤੇ ਜੀਟੀਬੀ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਵਿਖੇ ਪ੍ਰਿੰਸੀਪਲ ਡਾ. ਵਰਿੰਦਰ ਕੌਰ ਅਤੇ ਪ੍ਰਿੰ. ਸ੍ਰੀਮਤੀ ਨਰਿੰਦਰ ਕੌਰ ਘੁੰਮਣ ਦੀ ਅਗਵਾਈ ‘ਚ ਨਿਵੇਕਲੇ ਢੰਗ ਨਾਲ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ।
ਅੰਮ੍ਰਿਤਸਰ (ਪੱਤਰ ਪ੍ਰੇਰਕ): ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸਕੈਡੰਰੀ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ, ਚੀਫ਼ ਖ਼ਾਲਸਾ ਦੀਵਾਨ ਮੁੱਖ ਦਫ਼ਤਰ ਦੇ ਇੰਚਾਰਜ ਸੁਖਜਿੰਦਰ ਸਿੰਘ ਪ੍ਰਿੰਸ, ਸਕੂਲ ਮੈਂਬਰ ਇੰਚਾਰਜ ਪ੍ਰੋ. ਹਰੀ ਸਿੰਘ ਦਾ ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਵਿਸਾਖੀ ਮਨਾਈ
ਅੰਮ੍ਰਿਤਸਰ (ਪੱਤਰ ਪ੍ਰੇਰਕ): ਸਹਿਯੋਗ (ਹਾਫ ਵੇਅ ਹੋਮ), ਨਾਰੀ ਨਿਕੇਤਨ ਕੰਪਲੈਕਸ ਵਿੱਚ ਰਹਿ ਰਹੀਆਂ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨਾਲ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਤਿਉਹਾਰ ਮੌਕੇ ਸੰਸਥਾ ਵਿੱਚ ਰਹਿ ਰਹੀਆਂ ਸਹਿਵਾਸਣਾਂ ਨੇ ਵੱਖ ਵੱਖ ਤਰ੍ਹਾਂ ਦੀਆਂ ਸਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਸੀਸਇੰਦਰ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਪਵਨਦੀਪ ਕੌਰ ਤੇ ਪ੍ਰੀਤੀ ਆਦਿ ਹਾਜ਼ਰ ਸਨ।