ਐੱਨਪੀ ਧਵਨ
ਪਠਾਨਕੋਟ, 13 ਮਈ
ਸੁਜਾਨਪੁਰ ਦੇ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਨੇ ਨੀਮ ਪਹਾੜੀ ਖੇਤਰ ਧਾਰ ਕਲਾਂ ਦੇ ਦੁਨੇਰਾ ਵਿੱਚ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਸਰਪੰਚ ਕਰਨ ਸਿੰਘ, ਸਰਪੰਚ ਚੈਨ ਸਿੰਘ, ਸਰਪੰਚ ਰਾਜੇਸ਼ ਸ਼ਰਮਾ, ਸਰਪੰਚ ਕਿਸ਼ਨ ਚੰਦ, ਸਰਪੰਚ ਪੂਰਨ ਸਿੰਘ, ਸਰਪੰਚ ਪੱਪੂ ਰਾਮ, ਸਰਪੰਚ ਸ਼ਰਮੀਲਾ ਦੇਵੀ ਅਤੇ ਹੋਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਪਿੰਡ-ਪਿੰਡ ਖੋਲ੍ਹੇ ਗਏ ਸੁਵਿਧਾ ਸੈਂਟਰ ਬੰਦ ਕਰ ਦਿੱਤੇ ਗਏ ਸਨ, ਉਨ੍ਹਾਂ ਵਿੱਚੋਂ ਇੱਕ ਦੁਨੇਰਾ ਦਾ ਸੁਵਿਧਾ ਕੇਂਦਰ ਵੀ ਸੀ। ਉਨ੍ਹਾਂ ਕਿਹਾ ਕਿ ਇਸ ਕੇਂਦਰ ਦੇ ਬੰਦ ਹੋ ਜਾਣ ਨਾਲ ਦੁਨੇਰਾ ਅਤੇ ਨਾਲ ਲੱਗਦੇ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ 30 ਕਿਲੋਮੀਟਰ ਦੂਰ ਧਾਰਕਲਾਂ ਜਾਣਾ ਪੈਂਦਾ ਹੈ। ਲੋਕਾਂ ਦੀ ਭਖਦੀ ਮੰਗ ਨੂੰ ਦੇਖਦੇ ਹੋਏ ਅਮਿਤ ਸਿੰਘ ਮੰਟੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਕੇ ਦੁਨੇਰਾ ਦੇ ਸੁਵਿਧਾ ਕੇਂਦਰ ਨੂੰ ਖੋਲ੍ਹਣ ਦੇ ਆਦੇਸ਼ ਦਿਵਾ ਦਿੱਤੇ। ਇਨ੍ਹਾਂ ਆਦੇਸ਼ਾਂ ਦੇ ਮਿਲਣ ’ਤੇ ਸਰਪੰਚਾਂ ਨੇ ਰਾਹਤ ਮਹਿਸੂਸ ਕੀਤੀ ਅਤੇ ਅਮਿਤ ਮੰਟੂ ਦਾ ਧੰਨਵਾਦ ਕੀਤਾ। ਅਮਿਤ ਸਿੰਘ ਮੰਟੂ ਦਾ ਕਹਿਣਾ ਸੀ ਕਿ ਸੁਜਾਨਪੁਰ ਹਲਕੇ ਦੇ ਲੋਕਾਂ ਨੂੰ ਕਿਸੇ ਵੀ ਪ੍ਰਸ਼ਾਸਨਕ ਕੰਮ ਸਬੰਧੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।