ਪੱਤਰ ਪ੍ਰੇਰਕ
ਪਠਾਨਕੋਟ, 26 ਸਤੰਬਰ
ਪਠਾਨਕੋਟ ਸ਼ਹਿਰ ਅੰਦਰ ਓਵਰਲੋਡਿੰਗ ਦੀ ਸਮੱਸਿਆ ਨਾਲ ਜੂਝ ਰਹੇ 20 ਹਜ਼ਾਰ ਤੋਂ ਜ਼ਿਆਦਾ ਉਪਭੋਗਤਾਵਾਂ ਦੀ ਪ੍ਰੇਸ਼ਾਨੀ ਦਾ ਪਾਵਰਕੌਮ ਨੇ ਹੱਲ ਕੱਢ ਦਿੱਤਾ ਹੈ। ਇਸ ਤਹਿਤ ਓਵਰਲੋਡ ਹੋ ਚੁੱਕੇ ਚਾਰ ਫੀਡਰਾਂ ਦਾ ਲੋਡ ਘੱਟ ਕਰਨ ਲਈ ਨਵੇਂ ਫੀਡਰਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇੱਕ ਫੀਡਰ ਦਾ ਟਰਾਇਲ ਪਿਛਲੇ ਦਿਨੀਂ ਕੀਤਾ ਗਿਆ, ਜੋ ਸਫਲ ਰਿਹਾ। ਇਸ ਤੋਂ ਬਾਅਦ ਸ਼ਹਿਰ ਦੇ ਕਰੀਬ ਅੱਧਾ ਦਰਜਨ ਏਰੀਏ ਦਾ ਲੋਡ ਉਸ ’ਤੇ ਸ਼ਿਫਟ ਕਰ ਦਿੱਤਾ ਗਿਆ। ਤਿੰਨ ਹੋਰ ਫੀਡਰਾਂ ਦਾ ਕੰਮ ਰੇਲਵੇ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਰੁਕਿਆ ਪਿਆ ਸੀ। ਇਸ ਦੀ ਮਨਜ਼ੂਰੀ ਵੀ ਮਿਲ ਗਈ ਹੈ। ਅਗਲੇ ਹਫ਼ਤੇ ਤੋਂ ਇਸ ’ਤੇ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਹ ਪ੍ਰਾਜੈਕਟ ਦੋ ਮਹੀਨਿਆਂ ਅੰਦਰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਨਵੇਂ ਫੀਡਰਾਂ ਦਾ ਨਿਰਮਾਣ ਹੋਣ ਬਾਅਦ ਉਪਭੋਗਤਾਵਾਂ ਨੂੰ ਅਗਲੇ ਸੀਜ਼ਨ ਵਿੱਚ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਨਿਜਾਤ ਮਿਲ ਸਕੇਗੀ। ਜਾਣਕਾਰੀ ਅਨੁਸਾਰ ਸ਼ਹਿਰ ਦੇ ਸਿਟੀ, ਪ੍ਰੀਤਨਗਰ, ਸੈਲੀ ਰੋਡ ਅਤੇ ਸੁੰਦਰਨਗਰ ਫੀਡਰ ਓਵਰਲੋਡ ਹਨ। ਉਕਤ ਫੀਡਰਾਂ ਦੇ ਅਧੀਨ 20 ਹਜ਼ਾਰ ਤੋਂ ਜ਼ਿਆਦਾ ਉਪਭੋਗਤਾ ਪਿਛਲੇ ਕਈ ਸਾਲਾਂ ਤੋਂ ਓਵਰਲੋਡਿੰਗ ਦੇ ਕਾਰਨ ਪ੍ਰੇਸ਼ਾਨ ਹਨ।