ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 20 ਜੂਨ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਦੁਬਈ ’ਚ ਕੰਮ ਨਾ ਮਿਲਣ ਕਾਰਨ ਦਰ-ਦਰ ਠੋਕਰਾਂ ਖਾਣ ਲਈ ਮਜਬੂਰ ਹੋਏ 3 ਬੇਵੱਸ ਨੌਜਵਾਨਾਂ ਨੂੰ ਆਪਣੇ ਖ਼ਰਚੇ ’ਤੇ ਦੁਬਈ ਤੋਂ ਸੁਰੱਖਿਅਤ ਵਤਨ ਵਾਪਸ ਭੇਜਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਮੁਖੀ ਡਾ.ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਜਾਣਕਾਰੀ ਦਿੱਤੀ ਸੀ ਕਿ ਦੁਬਈ ਦੇ ਰੇਤਲੇ ਟਿੱਬੇ ’ਤੇ ਇਕ ਝਾੜੀ ਨੁਮਾ ਰੁੱਖ ਥੱਲੇ ਤਿੰਨ ਭਾਰਤੀ ਵਿਅਕਤੀ ਬਹੁਤ ਮੁਸ਼ਕਿਲ ਤੇ ਮਾੜੀ ਹਾਲਤ ਵਿਚ ਰਹਿ ਰਹੇ ਹਨ।
ਉਨ੍ਹਾਂ ਦੱਸਿਆ ਕਿ ਪਤਾ ਕਰਨ ’ਤੇ ਜਾਣਕਾਰੀ ਮਿਲੀ ਕਿ ਇਨ੍ਹਾਂ ਵਿਚ ਅੰਮ੍ਰਿਤਸਰ ਜ਼ਿਲ੍ਹੇ ਦਾ ਦਲਜੀਤ ਸਿੰਘ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਯਾਦਵੀਰ ਸਿੰਘ ਅਤੇ ਜ਼ਿਲ੍ਹਾ ਅੰਬਾਲਾ (ਹਰਿਆਣਾ) ਨਾਲ ਸਬੰਧਤ ਮਨੀਸ਼ ਕੁਮਾਰ ਸ਼ਾਮਲ ਹੈ। ਇਹ ਲਗਪਗ ਡੇਢ-ਦੋ ਸਾਲ ਪਹਿਲਾਂ ਮਿਹਨਤ ਮਜ਼ਦੂਰੀ ਕਰਨ ਲਈ ਦੁਬਈ ਆਏ ਸਨ।
ਇਸ ਦੌਰਾਨ ਕੰਮ ਵਾਲੀ ਕੰਪਨੀ ਨੇ ਜਦ ਉਨ੍ਹਾਂ ਨੂੰ ਬਣਦਾ ਮਿਹਨਤਾਨਾ ਨਾ ਦਿੱਤਾ ਤਾਂ ਉਹ ਉਸ ਕੰਪਨੀ ਛੱਡ ਕੇ ਕਿਸੇ ਹੋਰ ਕੰਪਨੀ ’ਚ ਕੰਮ ਕਰਨ ਲੱਗ ਪਏ ਪਰ ਕਰੋਨਾ ਮਹਾਮਾਰੀ ਦੌਰਾਨ ਕੰਮ ਘਟਣ ਕਰਕੇ ਉਨ੍ਹਾਂ ਨੂੰ ਉਸ ਕੰਪਨੀ ਨੇ ਵੀ ਕੰਮ ਤੋਂ ਜੁਆਬ ਦੇ ਦਿੱਤਾ। ਹੁਣ ਉਨ੍ਹਾਂ ਕੋਲ ਰਹਿਣ ਦੀ ਕੋਈ ਥਾਂ ਨਾ ਹੋਣ ਕਾਰਨ ਉਹ ਇੱਕ ਰੁੱਖ ਥੱਲੇ ਰਹਿਣ ਲਈ ਮਜਬੂਰ ਸਨ।
ਉਨ੍ਹਾਂ ਦੱਸਿਆ ਕਿ ਸਾਰੀ ਸਥਿਤੀ ਜਾਣਨ ਉਪਰੰਤ ਟਰੱਸਟ ਨੇ ਜਿੱਥੇ ਉਨ੍ਹਾਂ ਦੀ ਰਿਹਾਇਸ਼ ਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਉੱਥੇ ਹੀ ਭਾਰਤੀ ਦੂਤਾਵਾਸ ਦੇ ਸਹਿਯੋਗ ਸਦਕਾ ਪਾਸਪੋਰਟ ਪ੍ਰਾਪਤ ਕਰਨ ਮਗਰੋਂ ਟਰੱਸਟ ਨੇ ਆਪਣੇ ਖਰਚੇ ਉਤੇ ਉਨ੍ਹਾਂ ਨੂੰ ਦੁਬਈ ਤੋਂ ਅੱਜ ਵਾਪਸ ਭੇਜ ਦਿੱਤਾ ਹੈ। ਉਧਰ ਵਤਨ ਪਹੁੰਚੇ ਨੌਜਵਾਨਾਂ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।