ਗੁਰਬਖਸ਼ਪੁਰੀ
ਤਰਨ ਤਾਰਨ, 16 ਨਵੰਬਰ
ਗਦਰ ਲਹਿਰ ਦੇ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ ਅੱਜ ਇਥੇ ਕਿਸਾਨਾਂ ਅਤੇ ਹੋਰ ਕਿਰਤੀਆਂ ਦੀਆਂ ਮੰਗਾਂ ਦੇ ਹੱਕ ਵਿੱਚ ਇਕ ਇਕੱਠੇ ਹੋ ਕੇ ਮਾਰਚ ਕੀਤਾ ਗਿਆ| ਮਾਰਚ ਦੀ ਅਗਵਾਈ ਪਾਰਟੀ ਆਗੂ ਦਲਜੀਤ ਸਿੰਘ ਦਿਆਲਪੁਰਾ, ਬਲਦੇਵ ਸਿੰਘ ਪੰਡੋਰੀ ਅਤੇ ਬਲਦੇਵ ਸਿੰਘ ਭੈਲ ਨੇ ਕੀਤੀ।
ਇਸ ਮੌਕੇ ਪਾਰਟੀ ਆਗੂ ਮੁਖਤਾਰ ਸਿੰਘ ਮੱਲਾ, ਜਸਪਾਲ ਸਿੰਘ ਝਬਾਲ, ਹਰਭਜਨ ਸਿੰਘ, ਧਰਮ ਸਿੰਘ ਪੱਟੀ, ਨਿਰਪਾਲ ਸਿੰਘ ਜਾਉਣੇਕੇ, ਸੁਲੱਖਣ ਸਿੰਘ ਤੁੜ, ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੈਲੋਕੇ, ਲਖਵਿੰਦਰ ਕੌਰ ਝਬਾਲ ਜਸਬੀਰ ਕੌਰ ਤਰਨ ਤਾਰਨ ਨੇ ਸੰਬੋਧਨ ਕੀਤਾ| ਇਸ ਦੌਰਾਨ ਬੁਲਾਰਿਆਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ, ਕਿਰਤ ਕਾਨੂੰਨਾਂ ਵਿੱਚ ਸੋਧ, ਦੇਸ਼ ਦੇ ਧਰਮ ਨਿਰਪੱਖ ਢਾਂਚੇ ਨੂੰ ਤਬਾਹ ਕਰਨ ਸਣੇ ਹੋਰਨਾਂ ਨੀਤੀਆਂ ਦੀ ਨਿਖੇਧੀ ਕੀਤੀ। ਆਗੂਆਂ ਦੇਸ਼ ਅੰਦਰ ਦਲਿਤ ਔਰਤਾਂ ਨਾਲ ਜਬਰ-ਜਨਾਹ ਅਤੇ ਅੱਤਿਆਚਾਰ ਦੀਆਂ ਘਟਨਾਵਾਂ, ਘੱਟ ਗਿਣਤੀਆਂ ਨਾਲ ਵਧੀਕੀਆਂ ਆਦਿ ’ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ|