ਦਿਲਬਾਗ ਸਿੰਘ ਗਿੱਲ
ਅਟਾਰੀ, 2 ਦਸੰਬਰ
ਪੁਲੀਸ ਥਾਣਾ ਘਰਿੰਡਾ ਤੋਂ ਗੁਰਦੁਆਰਾ ਬੀੜ ਬਾਬਾ ਬੁੱਢਾ ਨਾਲ ਜੋੜਦੀ ਸੰਪਰਕ ਸੜਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਪਰ ਕਿਸੇ ਨੇ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ। ਇਹ ਸੜਕ ਲਾਹੌਰੀਮੱਲ, ਅਚਿੰਤਕੋਟ, ਭਕਨਾ ਖੁਰਦ, ਭਕਨਾ ਕਲਾਂ, ਮਾਲੂਵਾਲ, ਢੰਡ ਅਤੇ ਕਸੇਲ ਪਿੰਡਾਂ ਵਿੱਚੋਂ ਦੀ ਲੰਘਦੀ ਹੈ। ਪਿਛਲੇ ਕਾਫੀ ਸਮੇੇਂ ਤੋਂ ਸੜਕ ’ਤੇ ਵੱਡੇ-ਵੱਡੇ ਟੋਏ ਬਣੇ ਹੋਏ ਹਨ ਜਿਨ੍ਹਾਂ ਉਪਰੋਂ ਲੰਘਣਾ ਆਸਾਨ ਨਹੀਂ ਹੈ। ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣ ਕਰਨਾ ਪੈ ਰਿਹਾ ਹੈ। ਸੜਕ ਦੀ ਮੁਰੰਮਤ ਕਰਵਾਉਣ ਲਈ ਹੁਣ ਤੱਕ ਭਕਨਾ ਕਲਾਂ ਸਮੇਤ ਵੱਖ-ਵੱਖ ਪਿੰਡਾਂ ਦੇ ਪਤਵੰਤੇ ਤੇ ਆਗੂ ਪੰਜਾਬ ਸਰਕਾਰ ਕੋਲੋਂ ਮੰਗ ਕਰ ਚੁੱਕੇ ਹਨ ਤੇ ਰੋਸ ਦਾ ਪ੍ਰਗਟਾਵਾ ਕਰ ਚੁੱਕੇ ਹਨ ਪਰ ਕਿਸੇ ਨੇ ਇੱਕ ਨਹੀਂ ਸੁਣੀ। ਬਲਦੇਵ ਸਿੰਘ ਨੇ ਦੱਸਿਆ ਕਿ ਇਸ ਲਿੰਕ ਰੋਡ ਵੱਲ ਬੀਤੇ ਦਸ ਸਾਲਾਂ ਤੋਂ ਕਿਸੇ ਨੇ ਧਿਆਨ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿੱਚ ਹਰ ਮਹੀਨੇ ਸ਼ੰਗਰਾਂਦ ਦੇ ਦਿਨ ਵੱਡੀ ਗਿਣਤੀ ਵਿੱਚ ਸੰਗਤ ਇਸ ਸੜਕ ਰਸਤੇ ਜਾਂਦੀ ਹੈ ਜਿਸ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਸ ਸੜਕ ’ਤੇ ਹੀ ਬਾਬਾ ਸੋਹਣ ਸਿੰਘ ਭਕਨਾ ਦਾ ਸਮਾਰਕ ਤੇ ਬਾਬਾ ਸੋਹਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਥਿਤ ਹੈ। ਸਕੂਲ ਦੇ ਵਿਦਿਆਰਥੀਆਂ ਨੂੰ ਸੜਕ ’ਤੇ ਬਣੇ ਟੋਇਆਂ ਵਿੱਚੋਂ ਦੀ ਲੰਘ ਕੇ ਤੇ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਸਕੂਲ ਤੇ ਘਰ ਆਉਣਾ ਪੈਂਦਾ ਹੈ। ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੇ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਤੋਂ ਮੰਗ ਕੀਤੀ ਹੈ ਕਿ ਸੜਕ ਨੂੰ ਨਵਾਂ ਰੂਪ ਦਿੱਤਾ ਜਾਵੇ।