ਕੇ. ਪੀ. ਸਿੰਘ
ਗੁਰਦਾਸਪੁਰ, 27 ਅਪਰੈਲ
ਇੱਥੋਂ ਦੀ ਨਬੀਂਪੁਰ ਰੋਡ ’ਤੇ ਰੋਜ਼ ਐਵੇਨਿਊ ਵਿੱਚੋਂ ਦੁਪਹਿਰ ਸਮੇਂ ਦੋ ਅਣਪਛਾਤੇ ਹਥਿਆਰਬੰਦ ਲੁਟੇਰੇ ਦੋ ਨੌਜਵਾਨਾਂ ਤੋਂ ਕਰੀਬ ਢਾਈ ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਪੀੜਤ ਨੌਜਵਾਨ ਰਜਿੰਦਰ ਸਿੰਘ ਵਾਸੀ ਜੰਡਿਆਲਾ ਗੁਰੂ ਅਤੇ ਨਰੇਸ਼ ਸ਼ਰਮਾ ਵਾਸੀ ਪਠਾਨਕੋਟ ਨੇ ਦੱਸਿਆ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਸੈਟਿਨ ਕਰੈਡਿਟ ਕੇਅਰ ਨੈੱਟਵਰਕ ਲਿਮਟਿਡ ਵਿੱਚ ਰਿਕਵਰੀ ਦਾ ਕੰਮ ਕਰਦੇ ਹਨ। ਉਨ੍ਹਾਂ ਦੀ ਕੰਪਨੀ ਮਹਿਲਾਵਾਂ ਦੇ ਸੈੱਲਫ਼ ਹੈਲਪ ਗਰੁੱਪਾਂ ਨੂੰ ਕਰਜ਼ਾ ਦੇਣ ਦਾ ਕੰਮ ਕਰਦੀ ਹੈ ਅਤੇ ਉਹ ਕਰਜ਼ਾ ਰਿਕਵਰੀ ਦਾ ਕੰਮ ਦੇਖਦੇ ਹਨ। ਉਨ੍ਹਾਂ ਦੱਸਿਆ ਕਿ ਮੰਗਲਵਾਰ ਦੁਪਹਿਰ ਕਰੀਬ ਇਕ ਵਜੇ ਉਹ ਦੋਵੇਂ ਕੰਪਨੀ ਦੇ ਦੋ ਲੱਖ 44 ਹਜ਼ਾਰ 133 ਰੁਪਏ ਬੈਗ ਵਿੱਚ ਪਾ ਕੇ ਬੈਂਕ ਜਮ੍ਹਾਂ ਕਰਵਾਉਣ ਲਈ ਨਿਕਲੇ ਸਨ। ਅਜੇ ਉਹ ਆਪਣੇ ਆਫ਼ਿਸ ਦੇ ਬਾਹਰ ਹੀ ਸਨ ਕਿ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਇਨ੍ਹਾਂ ਵਿਅਕਤੀਆਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਅਤੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਫੜੇ ਹੋਏ ਸਨ। ਹਥਿਆਰਾਂ ਦੀ ਨੋਕ ’ਤੇ ਉਨ੍ਹਾਂ ਨੇ ਨਰੇਸ਼ ਕੁਮਾਰ ਦੇ ਹੱਥ ਵਿੱਚ ਫੜਿਆ ਬੈਗ ਖੋਹ ਲਿਆ ਅਤੇ ਫ਼ਰਾਰ ਹੋ ਗਏ।
ਮੌਕੇ ਤੇ ਪਹੁੰਚੇ ਪੁਲੀਸ ਅਧਿਕਾਰੀਆਂ ਨੇ ਘਟਨਾ ਵਾਲੀ ਜਗ੍ਹਾ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਲੁਟੇਰਿਆਂ ਦੀ ਕੁਝ ਝਲਕ ਦੇਖਣ ਨੂੰ ਮਿਲੀ। ਪੁਲੀਸ ਨੇ ਤਿੰਨ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਜਿਸ ਤਰ੍ਹਾਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਤੋਂ ਲਗਦਾ ਹੈ ਕਿ ਮੁਲਜ਼ਮ ਜਾਣਦੇ ਸਨ ਕਿ ਕੰਪਨੀ ਦੇ ਕਰਮਚਾਰੀ ਬੈਂਕ ਵਿੱਚ ਕਿਸ ਸਮੇਂ ਪੈਸੇ ਜਮ੍ਹਾਂ ਕਰਵਾਉਣ ਜਾਂਦੇ ਹਨ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਛੇਤੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।