ਪੱਤਰ ਪ੍ਰੇਰਕ
ਚੇਤਨਪੁਰਾ, 6 ਮਈ
ਅਜਨਾਲਾ ਦੇ ਪੰਜਾਬ ਨੈਸ਼ਨਲ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਆਏ ਇੱਕ ਬਜ਼ੁਰਗ ਦੀ ਜੇਬ ਵਿੱਚੋਂ ਇੱਕ ਲੁਟੇਰਾ 50000 ਰੁਪਏ ਕੱਢ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਪੀੜਤ ਜਵਾਹਰ ਲਾਲ ਵਾਸੀ ਵਾਰਡ ਨੰਬਰ 1 ਨੇ ਦੱਸਿਆ ਕਿ ਉਹ 1.50 ਲੱਖ ਰੁਪਏ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਗਏ ਸਨ। ਉਨ੍ਹਾਂ ਦੱਸਿਆ ਕਿ 1 ਲੱਖ ਰੁਪਏ ਉਨ੍ਹਾਂ ਕਮੀਜ਼ ਦੀ ਸਾਈਡ ਵਾਲੀ ਜੇਬ ਅਤੇ 50 ਹਜ਼ਾਰ ਰੁਪਏ ਉੱਪਰਲੀ ਜੇਬ ਵਿੱਚ ਪਾਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਇਹ ਸਾਰੇ ਪੈਸੇ ਜਮ੍ਹਾਂ ਕਰਵਾਉਣ ਲਈ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਖੜ੍ਹੇ ਸਨ ਤਾਂ ਉੱਥੇ ਕਾਫੀ ਭੀੜ ਸੀ ਤੇ ਭੀੜ ਵਿੱਚੋਂ ਹੀ ਇੱਕ ਲੜਕਾ ਉਨ੍ਹਾਂ ਦੀ ਕਮੀਜ਼ ਦੀ ਉੱਪਰਲੀ ਜੇਬ ਵਿਚੋਂ 50 ਹਜ਼ਾਰ ਰੁਪਏ ਕੱਢ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਬੈਂਕ ਦੇ ਬਾਹਰ ਕੋਈ ਵੀ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਨਹੀਂ ਸੀ।
ਇਸ ਸਬੰਧੀ ਬੈਂਕ ਦੇ ਅਧਿਕਾਰੀ ਹੀਰਾ ਲਾਲ ਨੇ ਦੱਸਿਆ ਕਿ ਬਜ਼ੁਰਗ ਦੇ ਪੈਸੇ ਬੈਂਕ ਦੇ ਬਾਹਰੋਂ ਨਿਕਲੇ ਹਨ ਤੇ ਸੁਰੱਖਿਆ ਕਰਮਚਾਰੀ ਵੀ ਪਿਛਲੇ 2-3 ਮਹੀਨਿਆਂ ਤੋਂ ਨਹੀਂ ਹੈ। ਜਲਦੀ ਹੀ ਬੈਂਕ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਕਰਮਚਾਰੀ ਭਰਤੀ ਕਰ ਲਿਆ ਜਾਵੇਗਾ। ਇਸ ਸਬੰਧੀ ਚੌਕੀ ਅਜਨਾਲਾ ਦੇ ਗਗਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।