ਪੱਤਰ ਪ੍ਰੇਰਕ
ਗੁਰਦਾਸਪੁਰ, 10 ਮਈ
ਪਿਛਲੇ ਦਿਨੀਂ ਪੰਚਾਇਤ ਮੰਤਰੀ ਦੇ ਭਰੋਸੇ ਦੇ ਬਾਵਜੂਦ ਮੰਗਾਂ ਨਾ ਮੰਨੇ ਜਾਣ ਤੋਂ ਖਫ਼ਾ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਕੰਮ ਕਰ ਰਹੇ ਜ਼ਿਲ੍ਹਾ ਪ੍ਰੀਸ਼ਦ ਦੇ ਰੂਰਲ ਮੈਡੀਕਲ ਅਫ਼ਸਰਾਂ ਨੇ ਕੋਵਿਡ ਐਮਰਜੈਂਸੀ ਸੇਵਾਵਾਂ ਛੱਡ ਕੇ ਆਪਣੀਆਂ ਮੁੱਢਲੀਆਂ ਪੇਂਡੂ ਡਿਸਪੈਂਸਰੀਆਂ ਵਿੱਚ ਕਾਲੇ ਬਿੱਲੇ ਲਾ ਕੇ ਓਪੀਡੀ ਸੇਵਾਵਾਂ ਨਿਭਾਉਣ ਦਾ ਐਲਾਨ ਕੀਤਾ ਹੈ।ਗ਼ੌਰਤਲਬ ਹੈ ਕਿ ਰੂਰਲ ਮੈਡੀਕਲ ਅਫ਼ਸਰਾਂ ਵੱਲੋਂ ਪਹਿਲਾਂ ਵੀ ਕੋਵਿਡ ਕੰਮਾਂ ਦੇ ਬਾਈਕਾਟ ਦਾ ਐਲਾਨ ਕਰਦਿਆਂ 26 ਅਪਰੈਲ ਤੋਂ ਮੁਹਾਲੀ ਮੁੱਖ ਦਫ਼ਤਰ ਵਿਚ ਧਰਨਾ ਲਾਉਣ ਦਾ ਐਲਾਨ ਕੀਤਾ ਗਿਆ ਸੀ। ਪਰ ਪੰਚਾਇਤ ਮੰਤਰੀ ਦੇ ਭਰੋਸੇ ਮਗਰੋਂ ਧਰਨਾ 29 ਅਪਰੈਲ ਤੱਕ ਟਾਲ ਦਿੱਤਾ ਗਿਆ ਸੀ। ਰੂਰਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਜੇਪੀ ਨਰੂਲਾ ਨੇ ਕਿਹਾ ਕਿ ਕਰੀਬ ਮਹੀਨਾ ਪਹਿਲਾਂ ਡੀਏਸੀਪੀ ਦੀ ਮੰਗ ਮਨਵਾਉਣ ਲਈ 26 ਅਪਰੈਲ ਤੋਂ ਕਰੋਨਾ ਸਬੰਧੀ ਡਿਊਟੀਆਂ ਦੇ ਬਾਈਕਾਟ ਦਾ ਐਲਾਨ ਕਰਨ ਮੌਕੇ ਪੰਚਾਇਤ ਮੰਤਰੀ ਦੇ ਭਰੋਸੇ ਮਗਰੋਂ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਮੁਲਤਵੀ ਕਰ ਦਿੱਤਾ ਸੀ। ਉਨ੍ਹਾਂ ਰੋਸ ਕੀਤਾ ਕਿ ਮਹੀਨਾ ਬੀਤਣ ਬਾਅਦ ਵੀ ਸਰਕਾਰ ਨੂੰ ਮੰਗਾਂ ਦਾ ਕੋਈ ਚਿੱਤ ਚੇਤਾ ਵੀ ਨਹੀਂ ਹੈ।