ਖੇਤਰੀ ਪ੍ਰਤੀਨਿਧ
ਬਟਾਲਾ, 17 ਜੁਲਾਈ
ਪੁਲੀਸ ਜ਼ਿਲ੍ਹਾ ਬਟਾਲਾ ਦੇ ਪਿੰਡ ਪੇਜੋਚੱਕ ’ਚ ਸਥਿਤ ਇੱਕ ਭੱਠੇ (ਫ੍ਰੈਂਡਜ਼ ਬਰਿਕਸ) ’ਤੇ ਮਜ਼ਦੂਰੀ ਕਰਦੇ ਪੰਜਾਹ ਕਿਰਤੀਆਂ ਨੂੰ ਭੱਠਾ ਮਾਲਕ ਵੱਲੋਂ ਬਕਾਏ ਦੇ 11 ਲੱਖ ਰੁਪਏ ਨਾ ਦੇਣ ਤੇ ਪੈਸੇ ਮੰਗਣ ’ਤੇ ਮਜ਼ਦੂਰਾਂ ਦੀ ਕੁੱਟਮਾਰ ਕਰਨ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਐੱਸਸੀ ਕਮਿਸ਼ਨ ਪੰਜਾਬ ਨੇ ਐੱਸਐੱਸਪੀ ਬਟਾਲਾ ਕੋਲੋਂ ਮਾਮਲੇ ਦੀ ਰਿਪੋਰਟ 25 ਜੁਲਾਈ ਤੱਕ ਤਲਬ ਕੀਤੀ ਹੈ। ਭੱਠਾ ਮਜ਼ਦੂਰ ਬਲਦੇਵ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਮਾੜੀ ਬੁੱਚੀਆਂ ਜ਼ਿਲ੍ਹਾ ਗੁਰਦਾਸਪੁਰ ਨੇ ਐੱਸਸੀ ਕਮਿਸ਼ਨ ਤੱਕ ਪਹੁੰਚ ਕੀਤੀ ਸੀ। ਭੱਠਾ ਮਜ਼ਦੂਰਾਂ ਦੇ ਇੱਕ ਵਫਦ ਨੇ ਇਸ ਸਬੰਧੀ ਇੱਕ ਸ਼ਿਕਾਇਤ ਪੰਜਾਬ ਰਾਜ ਐੱਸਸੀ ਕਮਿਸ਼ਨ ਦੇ ਮੈਂਬਰ ਤਰਸੇਮ ਸਿੰਘ ਸਿਆਲਕਾ ਨੂੰ ਨਿੱਜੀ ਤੌਰ ’ਤੇ ਮਿਲ ਕੇ ਵੀ ਦਿੱਤੀ। ਮਜ਼ਦੂਰਾਂ ਨੇ ਦੱਸਿਆ ਕਿ ਥਾਣਾ ਘੁਮਾਣ ਦੇ ਪਿੰਡ ਪੇਜੋਚਕ ਵਿੱਚ ਸਥਿੱਤ ਇੱਕ ਭੱਠੇ ’ਤੇ ਉਹ ਮਜ਼ਦੂਰੀ ਕਰਦੇ ਹਨ ਤੇ 50 ਦੇ ਕਰੀਬ ਮਜ਼ਦੂਰਾਂ ਨੂੰ 3 ਮਹੀਨਿਆਂ ਦੀ 11 ਲੱਖ ਰੁਪਏ ਦੇ ਕਰੀਬ ਰਕਮ ਭੱਠਾ ਮਾਲਕਾਂ ਵੱਲੋਂ ਨਹੀਂ ਦਿੱਤੀ ਜਾ ਰਹੀ। ਸਗੋਂ 7 ਜੁਲਾਈ ਨੂੰ ਭੱਠੇ ’ਤੇ ਪੈਸੇ ਮੰਗਣ ਗਏ ਮਜ਼ਦੂਰਾਂ ਦੀ ਕੁੱਟਮਾਰ ਕੀਤੀ ਗਈ ਤੇ ਭੱਠਾ ਮਾਲਕਾਂ ਦੇ ਇਸ਼ਾਰੇ ’ਤੇ ਪੁਲੀਸ ਵੱਲੋਂ ਉਨ੍ਹਾਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ ਹੈ। ਇਸ ਸਬੰਧੀ ਐੱਸਸੀ ਕਮਿਸ਼ਨ ਦੇ ਮੈਂਬਰ ਤਰਸੇਮ ਸਿੰਘ ਸਿਆਲਕਾ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਤੇ ਐੱਸਐੱਸਪੀ ਬਟਾਲਾ ਰਛਪਾਲ ਸਿੰਘ ਨੂੰ 25 ਜੁਲਾਈ ਤੱਕ ਸਾਰੇ ਮਾਮਲੇ ਦੀ ਸਟੇਟਸ ਰਿਪੋਰਟ ਭੇਜਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਰਿਪੋਰਟ ਮਿਲਣ ਤੋਂ ਬਾਅਦ ਹੀ ਕਮਿਸ਼ਨ ਅਗਲੀ ਕਾਰਵਾਈ ਕਰੇਗਾ।