ਹਰਜੀਤ ਸਿੰਘ ਪਰਮਾਰ
ਬਟਾਲਾ, 10 ਮਈ
ਅੱਗ ਦੀ ਲਪੇਟ ਵਿੱਚ ਆਉਣ ਕਾਰਨ ਹਾਦਸੇ ਦਾ ਸ਼ਿਕਾਰ ਹੋਈ ਇੱਕ ਨਿੱਜੀ ਸਕੂਲ ਦੀ ਬੱਸ ਦੇ ਚਾਲਕ ਦੇ ਹੱਕ ਵਿੱਚ ਅੱਜ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਇੱਥੇ ਗਾਂਧੀ ਚੌਕ ਵਿੱਚ ਚੱਕਾ ਜਾਮ ਕਰਕੇ ਪੁਲੀਸ ਪ੍ਰਸ਼ਾਸਨ ਖਿਲਾਫ਼ ਧਰਨਾ ਲਾਇਆ ਅਤੇ ਬੱਸ ਚਾਲਕ ਖਿਲਾਫ਼ ਦਰਜ ਕੀਤੇ ਗਏ ਮੁਕੱਦਮੇ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਬੱਸ ਡਰਾਈਵਰ ਜਗਪ੍ਰੀਤ ਸਿੰਘ ਦੇ ਭਰਾ ਤਰਸੇਮ ਸਿੰਘ ਅਤੇ ਮਾਂ ਜਸਬੀਰ ਸਿੰਘ ਨੇ ਦੱਸਿਆ ਕਿ 4 ਮਈ ਨੂੰ ਵਾਪਰੇ ਹਦਾਸੇ ਵਿੱਚ ਜਗਪ੍ਰੀਤ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਅੱਗ ਦੀ ਲਪੇਟ ਵਿੱਚ ਆ ਚੁੱਕੀ ਬੱਸ ਵਿੱਚੋਂ ਬੱਚਿਆਂ ਨੂੰ ਬਾਹਰ ਕੱਢਿਆ ਸੀ ਪਰ ਪੁਲੀਸ ਨੇ ਸਿਰਫ ਬੱਸ ਚਾਲਕ ਜਗਪ੍ਰੀਤ ਸਿੰਘ ਨੂੰ ਹੀ ਦੋਸ਼ੀ ਮੰਨਦਿਆਂ ਉਸ ਖਿਲਾਫ਼ ਮੁਕੱਦਮੇ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਦ ਕਿ ਨਾ ਤਾਂ ਨਾੜ ਨੂੰ ਅੱਗ ਲਾਉਣ ਵਾਲਿਆਂ ਅਤੇ ਨਾ ਹੀ ਸਕੂਲ ਪ੍ਰਬੰਧਕਾਂ ਖਿਲਾਫ਼ ਕੋਈ ਕਾਰਵਾਈ ਕੀਤੀ ਗਈ ਹੈ। ਧਰਨਾਕਾਰੀਆਂ ਨੇ ਡਰਾਈਵਰ ਖਿਲਾਫ਼ ਦਰਜ ਮੁਕੱਦਮੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਧਰਨਾਕਾਰੀਆਂ ਕੋਲ ਪੁਹੰਚੇ ਡੀਐੱਸਪੀ (ਸਿਟੀ) ਦੇਵ ਸਿੰਘ ਵੱਲੋਂ ਨਿਰਪੱਖ ਜਾਂਚ ਦੇ ਦਿੱਤੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਆਪਣਾ ਧਰਨਾ ਚੁੱਕਿਆ।