ਪੱਤਰ ਪ੍ਰੇਰਕ
ਧਾਰੀਵਾਲ, 14 ਨਵੰਬਰ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੇ ਵਿਦਿਆਰਥੀਆਂ ਵੱਲੋਂ ਬਣਾਏ ਸਾਇੰਸ ਮਾਡਲ ਨੂੰ ਰਾਸ਼ਟਰੀ ਪੱਧਰ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧੀ ਖੁਸ਼ੀ ਜ਼ਾਹਿਰ ਕਰਦਿਆਂ ਪ੍ਰਿੰਸੀਪਲ ਐੱਸ.ਬੀ.ਨਾਯਰ ਅਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਦੱਸਿਆ ਕਿ ਦਿੱਲੀ ਪਬਲਿਕ ਸਕੂਲ ਜੰਮੂ ਵਿੱਚ ਕਰਵਾਏ ਇੰਟਰ-ਸਕੂਲ ਵਿਗਿਆਨ ਮੁਕਾਬਲੇ ’ਚ ਸੀਬੀਐੱਸਈ ਸਕੂਲਾਂ ਦੀਆਂ 39 ਟੀਮਾਂ ਨੇ ਹਿੱਸਾ ਲਿਆ ਸੀ। ਇਨ੍ਹਾਂ ਵਿੱਚੋਂ ਛੇ ਸਕੂਲਾਂ ਦੀਆਂ ਟੀਮਾਂ ਦੇ ਸਾਇੰਸ ਮਾਡਲ ਰਾਸ਼ਟਰੀ ਪੱਧਰ ਲਈ ਚੁਣੇ ਗਏ ਜਿਨ੍ਹਾਂ ਵਿੱਚ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੀ ਟੀਮ ਦਾ ਸਾਇੰਸ ਮਾਡਲ ਵੀ ਸ਼ਾਮਲ ਹੈ। ਇਸ ਮਾਡਲ ਸਬੰਧੀ ਅਧਿਆਪਕ ਸਤਨਾਮ ਸਿੰਘ ਤੇ ਭਾਗੀਦਾਰ ਵਿਦਿਆਰਥੀਆਂ ਗੁਰਮਨ ਸਿੰਘ ਸੈਣੀ ਤੇ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਰਕਿੰਗ ਪ੍ਰੋਜੈਕਟ ਦਾ ਨਾਂ ‘ਵੇਸਟ ਮੈਨੇਜਮੈਂਟ’ ਹੈ ਜਿਸ ਦਾ ਕੰਮ ਇੰਡਸਟਰੀ ਚਿਮਨੀਆਂ ਵਿੱਚੋਂ ਨਿਕਲਦੇ ਛੋਟੇ- ਛੋਟੇ ਪ੍ਰਦੂਸ਼ਿਤ ਅੰਸ਼ਾਂ ਜਾਂ ਤੱਤਾਂ ਨੂੰ ਖਤਮ ਕਰਨਾ ਹੈ। ਸਕੂਲ ਪਹੁੰਚਣ ’ਤੇ ਸਕੂਲੀ ਬੈਂਡ ਵੱਲੋਂ ਸਵੇਰ ਦੀ ਸਭਾ ਦੌਰਾਨ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਸਕੂਲ ਦੇ ਵਿਗਿਆਨ ਵਿਭਾਗ ਦੇ ਅਧਿਆਪਕਾਂ ਦੀ ਸ਼ਲਾਘਾ ਕੀਤੀ।