ਪੱਤਰ ਪ੍ਰੇਰਕ
ਫਤਿਹਗੜ੍ਹ ਚੂੜੀਆਂ, 14 ਅਪਰੈਲ
ਵਿਧਾਨ ਸਭਾ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਚੰਨੀ ਸਰਕਾਰ ਵੱਲੋਂ ਫਤਿਹਗੜ੍ਹ ਚੂੜੀਆਂ ਨੂੰ ਤਹਿਸੀਲ ਬਣਾਉਣ ਦੇ ਹੁਕਮ ਜਾਰੀ ਕੀਤੇ ਸਨ। ਇਸ ’ਤੇ ਅਮਲ ਕਰਦਿਆਂ ਹੁਣ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਮਾਲ, ਪੁਨਰਵਾਸ ਤੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਵੱਲੋਂ ਕਮਿਸ਼ਨਰ ਮੰਡਲ ਜਲੰਧਰ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਭੇਜੇ ਗਏ ਪੱਤਰ ਰਾਹੀਂ ਫਤਿਹਗੜ੍ਹ ਚੂੜੀਆਂ ਵਿੱਚ ਸਬ ਡਵੀਜ਼ਨ ਖੋਲ੍ਹਣ ਲਈ ਅਮਲੀ ਰੂਪ ਦੇਣ ਲਈ ਕਿਹਾ ਗਿਆ ਹੈ ਅਤੇ ਲੋੜੀਂਦੀਆਂ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰੀ ਤੌਰ ’ਤੇ ਜਾਰੀ ਹੋਏ ਪੱਤਰ ਅਨੁਸਾਰ ਫਤਿਹਗੜ੍ਹ ਚੂੜੀਆਂ ’ਚ ਬਣਨ ਵਾਲੇ ਸਬ ਡਵੀਜ਼ਨ ਦਫਤਰ ਲਈ ਸਬ ਡਵੀਜ਼ਨ ਮੈਜਿਸਟ੍ਰੇਟ( ਐੱਸਡੀਐੱਮ) ਤੋਂ ਇਲਾਵਾ ਇਕ ਸੁਪਰਡੈਂਟ, ਦੋ ਸੀਨੀਅਰ ਸਹਾਇਕ, 7 ਕਲਰਕ ਅਤੇ ਇਕ ਜੂਨੀਅਰ ਸਕੇਲ ਸਟੈਨੋਗ੍ਰਾਫ਼ਰ ਨਿਯੁਕਤ ਕੀਤੇ ਗਏ ਹਨ। ਇਸੇ ਤਰ੍ਹਾਂ ਤਹਿਸੀਲਦਾਰ, ਇਕ ਸੀਨੀਅਰ ਸਹਾਇਕ, 2 ਕਲਰਕ, ਇਕ ਸਟੈਨੋ ਟਾਈਪਿਸਟ ਅਤੇ ਖੇਵਟ ਸਟਾਫ ਦਫਤਰ ਵਿਖੇ ਇਕ ਕਾਨੂੰਗੋ, ਇਕ ਸਹਾਇਕ ਦਫਤਰ ਕਾਨੂੰਗੋ, ਇਕ ਅੰਕੜਾ ਕਲਰਕ, ਇਕ ਬਿੱਲ ਕਲਰਕ ਅਤੇ ਇਕ ਫੁਟਕਲ ਕਲਰਕ ਨਿਯੁਕਤ ਕੀਤੇ ਗਏ ਹਨ। ਫਤਿਹਗੜ੍ਹ ਚੂੜੀਆਂ ਵਿੱਚ ਐੱਸਡੀਐੱਮ ਅਤੇ ਤਹਿਸਦਾਰ ਦੇ ਦਫਤਰ ਕੰਮ ਸ਼ੁਰੂ ਕਰ ਦੇਣਗੇ।