ਐੱਨਪੀ ਧਵਨ
ਪਠਾਨਕੋਟ, 8 ਅਗਸਤ
ਕਸਬਾ ਬਮਿਆਲ ਵਿੱਚ ਭਾਰਤ-ਪਾਕਿ ਸਰਹੱਦ ਕੋਲ ਵਗਦੇ ਉਝ ਦਰਿਆ ਵਿੱਚ ਨਾਜਾਇਜ਼ ਖਣਨ ਅਜੇ ਵੀ ਜਾਰੀ ਹੈ। ਇਹ ਸਾਰਾ ਮਾਮਲਾ ਬੀਤੀ ਰਾਤ ਉਸ ਸਮੇਂ ਸਾਹਮਣੇ ਆਇਆ ਜਦ ਪੁਲੀਸ ਨੇ ਉੱਥੇ ਨਾਜਾਇਜ਼ ਖਣਨ ਵਿੱਚ ਲੱਗੀ ਮਸ਼ੀਨਰੀ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਕਰੱਸ਼ਰ ਮਾਲਕ ਸਮੇਤ 3 ਵਿਅਕਤੀਆਂ ਉੱਪਰ ਨਾਜਾਇਜ਼ ਮਾਈਨਿੰਗ ਐਕਟ ਤਹਿਤ ਕੇਸ ਦਰਜ ਕਰ ਦਿੱਤਾ।
ਪੁਲੀਸ ਵੱਲੋਂ ਇਹ ਮਾਮਲਾ ਡਰੇਨੇਜ ਵਿਭਾਗ ਦੇ ਜੂਨੀਅਰ ਇੰਜਨੀਅਰ ਤੇ ਮਾਈਨਿੰਗ ਅਧਿਕਾਰੀ ਸੁਖਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਕੀਤਾ ਗਿਆ। ਬੀਤੀ ਰਾਤ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸਰੋਟਾ ਦੇ ਨਜ਼ਦੀਕ ਉਝ ਦਰਿਆ ਵਿੱਚ ਕੁਝ ਲੋਕਾਂ ਵੱਲੋਂ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਮਾਈਨਿੰਗ ਅਧਿਕਾਰੀ ਸੁਖਦੀਪ ਸਿੰਘ ਮੌਕੇ ’ਤੇ ਪੁੱਜੇ। ਇਸ ਦੌਰਾਨ ਪੁਲੀਸ ਅਤੇ ਮਾਈਨਿੰਗ ਟੀਮ ਦੀਆਂ ਗੱਡੀਆਂ ਨੂੰ ਆਉਂਦਾ ਦੇਖ ਕੇ ਨਾਜਾਇਜ਼ ਮਾਈਨਿੰਗ ਕਰ ਰਹੇ ਵਿਅਕਤੀ ਉੱਥੋਂ ਭੱਜ ਗਏ।
ਮੌਕੇ ’ਤੇ ਪੁੱਜੀ ਪੁਲੀਸ ਅਤੇ ਮਾਈਨਿੰਗ ਟੀਮ ਵੱਲੋਂ ਪਿੰਡ ਦੇ ਸਰਪੰਚ ਅਤੇ ਹੋਰ ਵਾਸੀਆਂ ਨੂੰ ਵੀ ਨਿਸ਼ਾਨਦੇਹੀ ਲਈ ਮੌਕੇ ’ਤੇ ਬੁਲਾਇਆ ਗਿਆ ਜਿਸ ਵਿੱਚ ਇਹ ਸਾਹਮਣੇ ਆਇਆ ਕਿ ਦਰਿਆ ਵਿੱਚ ਲੱਗੇ ਜੈਸ਼ੰਕਰ ਸਟੋਨ ਕਰੱਸ਼ਰ ਦੇ ਮਾਲਕ ਵੱਲੋਂ ਇੱਥੇ 16 ਫੁੱਟ ਦੀ ਡੂੰਘਾਈ ਤੱਕ ਨਾਜਾਇਜ਼ ਮਾਈਨਿੰਗ ਕੀਤੀ ਗਈ ਹੈ। ਪੁਲੀਸ ਨੇ ਮਾਮਲੇ ਵਿੱਚ ਉਕਤ ਕਰੱਸ਼ਰ ਮਾਲਕ ਸਮੇਤ 2 ਅਣਪਛਾਤੇ ਵਿਅਕਤੀਆਂ ਖਿਲਾਫ ਮਾਈਨਜ਼ ਐਂਡ ਮਿਨਰਲ ਡਿਵੈਲਪਮੈਂਟ ਐਂਡ ਰੈਗੂਲੇਸ਼ਨ 1957 ਐਕਟ ਤਹਿਤ ਕੇਸ ਦਰਜ ਕਰ ਦਿੱਤਾ ਹੈ। ਪੁਲੀਸ ਨੇ 2 ਟਿੱਪਰ, ਇੱਕ ਪੋਕਲੇਨ ਮਸ਼ੀਨ ਅਤੇ ਇੱਕ ਜੇਸੀਬੀ ਮਸ਼ੀਨ ਕਬਜ਼ੇ ਵਿੱਚ ਲੈ ਲਈ ਹੈ। ਪੁਲੀਸ ਚੌਂਕ ਬਮਿਆਲ ਦੇ ਮੁਖੀ ਬਲਕਾਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਈਨਿੰਗ ਅਧਿਕਾਰੀ ਸੁਖਦੀਪ ਸਿੰਘ ਦੀ ਸ਼ਿਕਾਇਤ ਦੇ ਅਧਾਰ ’ਤੇ ਜੈਸ਼ੰਕਰ ਸਟੋਰ ਕਰੱਸ਼ਰ ਦੇ ਮਾਲਕ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਫੜਨ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ।