ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 20 ਸਤੰਬਰ
ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਨੇ ਸੀਬੀਐੱਸਈ ਵੱਲੋਂ ਕਲੱਸਟਰ 18 ਅਧੀਨ ਕਰਵਾਈਆਂ ਖੇਡਾਂ ਵਿੱਚ ਮੱਲਾਂ ਮਾਰੀਆਂ ਹਨ। ਸੰਸਥਾ ਦੇ ਮੁੱਖ ਪ੍ਰਬੰਧਕ ਗਗਨਦੀਪ ਸਿੰਘ ਵਿਰਕ, ਡਾਇਰੈਕਟਰ ਮਨਪ੍ਰੀਤ ਕੌਰ ਵਿਰਕ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਦੱਸਿਆ ਕਿ ਕਲੱਸਟਰ 18 ਅਧੀਨ ਸਕੂਲੀ ਖੇਡਾਂ ਪਠਾਨਕੋਟ ਵਿੱਚ ਹੋਈਆਂ। ਇਨ੍ਹਾਂ ਖੇਡਾਂ ਵਿੱਚ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੀ 14 ਮੈਂਬਰੀ ਟੀਮ ਨੇ ਡੀਪੀ ਜਤਿੰਦਰ ਕੁਮਾਰ ਦੀ ਅਗਵਾਈ ਹੇਠ ਭਾਗ ਲੈ ਕੇ ਵਿਦਿਆਰਥੀ ਰੂਪਅਰਮਾਨ ਸਿੰਘ ਨਾਗਰਾ ਨੇ ਅੰਡਰ- 17 ਗਰੁੱਪ ਵਿੱਚ ਜੈਵਲਿਨ 49.74 ਮੀਟਰ ਦੀ ਦੂਰੀ ’ਤੇ ਸੁੱਟ ਕੇ ਪਿਛਲੇ ਦੋ ਸਾਲਾਂ ਦੇ ਰਿਕਾਰਡ ਨੂੰ ਬਰਕਰਾਰ ਰੱਖਦਿਆਂ ਇਸ ਸਾਲ ਹੈਟ੍ਰਿਕ ਮਾਰਦਿਆਂ ਲਗਾਤਾਰ ਤੀਸਰੇ ਸਾਲ ਵੀ ਸੋਨ ਤਗ਼ਮੇ ’ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਗਿਆਰਵੀਂ ਜਮਾਤ ਦੇ ਵਿਦਿਆਰਥੀ ਰਣਜੋਤ ਸਿੰਘ ਕਿੜੀ ਅਫਗਾਨਾ ਨੇ ਅੰਡਰ- 17 ਗਰੁੱਪ ਵਿੱਚ 3000 ਮੀਟਰ ਦੌੜ ਵਿੱਚ ਦੂਜਾ ਅਤੇ 1500 ਮੀਟਰ ਦੌੜ ਵਿੱਚ ਤੀਸਰਾ ਸਥਾਨ ਹਾਸਲ ਕਰ ਕੇ ਚਾਂਦੀ ਤੇ ਕਾਂਸੇ ਦਾ ਤਗ਼ਮਾ ਜਿੱਤਿਆ। ਦੋਵਾਂ ਵਿਦਿਆਰਥੀਆਂ ਦੀ ਚੋਣ ਸੀਬੀਐੱਸਈ ਨੈਸ਼ਨਲ ਪੱਧਰ ’ਤੇ ਹੋਣ ਵਾਲੀਆਂ ਖੇਡਾਂ ਲਈ ਹੋਈ ਹੈ। ਸਕੂਲ ਪਹੁੰਚਣ ’ਤੇ ਇਨ੍ਹਾਂ ਵਿਦਿਆਰਥੀਆਂ ਦਾ ਸਕੂਲ ਮੈਨੇਜਮੈਂਟ, ਪ੍ਰਿੰਸੀਪਲ ਤੇ ਸਮੂਹ ਸਟਾਫ਼ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਕੋ-ਆਰਡੀਨੇਟਰ ਹਰਕਿੰਦਰਬੀਰ ਸਿੰਘ, ਪਵਨਜੀਤ ਕੌਰ, ਸੁਰਜੀਤ ਕੌਰ, ਬਲਜੀਤ ਕੌਰ, ਪ੍ਰਭਜੋਤ ਕੌਰ, ਰੁਪਿੰਦਰ ਕੌਰ ਅਤੇ ਰਾਜਵਿੰਦਰ ਕੌਰ ਹਾਜ਼ਰ ਸਨ।