ਗੁਰਬਖਸ਼ਪੁਰੀ
ਤਰਨ ਤਾਰਨ, 22 ਅਕਤੂਬਰ
ਜ਼ਿਲ੍ਹੇ ਅੰਦਰ ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਬੀਤੀ ਸ਼ਾਮ ਇਕ ਲੁਟੇਰਾ ਗਰੋਹ ਦੇ ਚਾਰ ਮੈਂਬਰਾਂ ਸਣੇ ਕੁੱਲ ਸੱਤ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਇਕੱਤਰ ਜਾਣਕਾਰੀ ਅਨੁਸਾਰ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਤਰਨ ਤਾਰਨ ਸ਼ਹਿਰ ਦੇ ਬਾਹਰਵਾਰ ਇਕ ਉਜਾੜ ਥਾਂ ਤੋਂ ਬੀਤੀ ਦੇਰ ਸ਼ਾਮ ਇਕ ਪੰਜ-ਮੈਂਬਰੀ ਲੁਟੇਰਾ ਗਰੋਹ ਦੇ ਚਾਰ ਮੈਂਬਰਾਂ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ| ਇਸ ਤੋਂ ਇਲਾਵਾ ਤੇ ਥਾਣਾ ਪੱਟੀ ਸਿਟੀ ਦੀ ਪੁਲੀਸ ਨੇ ਪੱਟੀ ਸ਼ਹਿਰ ’ਚ ਦੋਹਰੇ ਕਤਲ ਦੇ ਚਰਚਿਤ ਮਾਮਲੇ ਦੇ ਇਕ ਭਗੌੜਾ ਅਪਰਾਧੀ ਤੇ ਨਸ਼ਿਆਂ ਦਾ ਧੰਦਾ ਕਰਨ ਵਾਲੇ ਦੋ ਹੋਰਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ| ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਇਸ ਸਬੰਧੀ ਅੱਜ ਦੱਸਿਆ ਕਿ ਤਰਨ ਤਾਰਨ ਥਾਣਾ ਸਿਟੀ ਦੀ ਪੁਲੀਸ ਨੇ ਸੂਹ ਦੇ ਆਧਾਰ ’ਤੇ ਸ਼ਹਿਰ ਦੇ ਬਾਹਰਵਾਰ ਤੋਂ ਇਕ ਉਜਾੜ ਜਿਹੇ ਥਾਂ ਤੇ ਲੁੱਟ ਖੋਹ ਦੀ ਵਾਰਦਾਤ ਦੀ ਯੋਜਨਾ ਬਣਾ ਰਹੇ ਗਰੋਹ ਦੇ ਮੈਂਬਰ ਤਰਨ ਤਾਰਨ ਵਾਸੀ ਮਿਹਰਬਾਨ ਸਿੰਘ, ਗੁਰਪ੍ਰੀਤ ਸਿੰਘ ਤੇ ਮਨਦੀਪ ਸਿੰਘ ਦੀਪੂ ਤੇ ਪੰਡੋਰੀ ਗੋਲਾ ਵਾਸੀ ਜੱਗਪ੍ਰੀਤ ਸਿੰਘ ਨੂੰ ਦੋ ਦੇਸੀ ਪਿਸਤੌਲਾਂ, ਤਿੰਨ ਰੌਂਦਾਂ ਤੇ ਦੋ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ। ਮੌਕੇ ਤੋਂ ਉਨ੍ਹਾਂ ਦਾ ਇਕ ਅਣਪਛਾਤਾ ਸਾਥੀ ਫਰਾਰ ਹੋ ਗਿਆ| ਇਸ ਗਰੋਹ ਖ਼ਿਲਾਫ਼ ਦਫ਼ਾ 399, 402, ਤੇ ਅਸਲਾ ਐਕਟ ਅਧੀਨ ਇਕ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਨੂੰ ਅੱਜ ਅਦਾਲਤ ਦੇ ਪੇਸ਼ ਕੀਤਾ ਤਾਂ ਅਦਾਲਤ ਨੇ ਮੁਲਜ਼ਮਾਂ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ।
ਐੱਸਐੱਸਪੀ ਨੇ ਦੱਸਿਆ ਕਿ ਪਿਛਲੇ ਸਾਲ ਪੱਟੀ ਸ਼ਹਿਰ ਦੇ ਬਾਹਰਵਾਰ ਅਮਨਦੀਪ ਸਿੰਘ ਉਰਫ ਫੌਜੀ ਤੇ ਉਸ ਦੇ ਦੋਸਤ ਪ੍ਰਭਜੀਤ ਸਿੰਘ ਦੇ ਹੋਏ ਕਤਲ ’ਚ ਅਮਨਦੀਪ ਸਿੰਘ ਦੀ ਰੈਕੀ ਕਰਨ ਵਾਲੇ ਗੌਰਵਦੀਪ ਸਿੰਘ ਵਾਸੀ ਪੱਟੀ ਨੂੰ ਗ੍ਰਿਫ਼ਤਾਰ ਕੀਤਾ ਹੈ ਉਹ ਪਿਛਲੇ ਕੋਈ ਡੇਢ ਸਾਲ ਤੋਂ ਭਗੌੜਾ ਚਲ ਰਿਹਾ ਸੀ| ਇਸ ਕਤਲ ਵਿੱਚ ਕੈਨੇਡਾ ਤੋਂ ਵਾਰਦਾਤਾਂ ਚਲਾ ਰਹੇ ਬਹੁ ਚਰਚਿਤ ਲਖਬੀਰ ਸਿੰਘ ਲੰਡਾ, ਦਇਆ ਸਿੰਘ ਉਰਫ ਪ੍ਰੀਤ ਸ਼ੇਖੋਂ ਤੇ ਜਰਮਨ ਉਰਫ ਨਿੱਕਾ ਖਡੂਰੀਆ ਦਾ ਵੀ ਹੱਥ ਸੀ| ਇਸ ਸਬੰਧੀ ਦਫ਼ਾ 302 ਅਧੀਨ ਕੇਸ ਪਹਿਲਾਂ ਹੀ ਦਰਜ ਹੈ।
ਇਸ ਦੇ ਨਾਲ ਹੀ ਪੱਟੀ ਸਦਰ ਦੀ ਪੁਲੀਸ ਨੇ ਗੁਰਜੰਟ ਸਿੰਘ ਲਾਲੀ ਵਾਸੀ ਕੁੱਤੀਵਾਲਾ ਤੇ ਲਵਜੀਤ ਸਿੰਘ ਉਰਫ ਲਵ ਨੂੰ 200 ਨਸ਼ੀਲੀਆਂ ਗੋਲੀਆਂ, ਇਕ ਦੇਸੀ ਪਿਸਤੌਲ, ਇਕ ਮੈਗਜੀਨ ਤਿੰਨ ਜਿੰਦਾ ਰੌਂਦਾਂ ਸਣੇ ਕਾਬੂ ਕੀਤਾ ਹੈ| ਮੁਲਜ਼ਮਾਂ ਖ਼ਿਲਾਫ਼ ਐਨਡੀਪੀਐੱਸ ਤੇ ਅਸਲਾ ਐਕਟ ਅਧੀਨ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ।