ਐੱਨ ਪੀ ਧਵਨ
ਪਠਾਨਕੋਟ, 13 ਅਕਤੂਬਰ
ਮੁਹੱਲਾ ਰਾਮਪੁਰਾ ਵਿੱਚ ਸੀਵਰੇਜ ਵਿਵਸਥਾ ਤੋਂ ਪ੍ਰੇਸ਼ਾਨ ਲੋਕਾਂ ਨੇ ਨਗਰ ਨਿਗਮ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਸੀਵਰੇਜ ਵਿਵਸਥਾ ਨੂੰ ਸੁਚਾਰੂ ਕਰਨ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਪ੍ਰੇਮ ਲਾਲ, ਨੀਤੀਸ਼, ਸੋਨੂੰ, ਕੰਨੂ, ਰਿਸ਼ੂ ਆਦਿ ਹਾਜ਼ਰ ਸਨ। ਮੁਹੱਲਾ ਵਾਸੀਆਂ ਨੇ ਨਿਗਮ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਕੋਸਦੇ ਹੋਏ ਕਿਹਾ ਕਿ ਇਨ੍ਹਾਂ ਦੋਵਾਂ ਵਿਭਾਗ ਦੀ ਅਣਦੇਖੀ ਕਾਰਨ ਉਨ੍ਹਾਂ ਦਾ ਜਿਉਣਾ ਦੁੱਭਰ ਹੋ ਚੁੱਕਾ ਹੈ ਕਿਉਂਕਿ ਪਹਿਲਾਂ ਤਾਂ ਨਗਰ ਨਿਗਮ ਵੱਲੋਂ ਸੀਵਰੇਜ ਵਿਵਸਥਾ ਨੂੰ ਸੁਚਾਰੂ ਕਰਨ ਲਈ ਯੋਗ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ ਅਤੇ ਹੁਣ ਤਾਂ ਸਥਿਤੀ ਹੋਰ ਬੇਕਾਬੂ ਹੋ ਗਈ ਹੈ ਕਿਉਂਕਿ ਸੀਵਰੇਜ ਵਿਵਸਥਾ ਨੂੰ ਠੀਕ ਕਰਨ ਲਈ ਗਲੀ ਨੂੰ ਜਗ੍ਹਾ-ਜਗ੍ਹਾ ਤੋਂ ਪੁੱਟ ਦਿੱਤਾ ਗਿਆ ਹੈ ਜਿਸ ਕਾਰਨ ਸਥਿਤੀ ਹੁਣ ਬਦ ਤੋਂ ਬਦਤਰ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਸਿਹਤ ਵਿਭਾਗ ਵੀ ਮਾਤਰ ਖਾਨਾਪੂਰਤੀ ਕਰਨ ਲਈ ਆਪਣੇ ਮੁਲਾਜ਼ਮਾਂ ਨੂੰ ਭੇਜ ਦਿੰਦਾ ਹੈ ਅਤੇ ਸਿਰਫ ਰਿਪੋਰਟ ਬਣਾਉਣ ਲਈ ਮੁਹੱਲੇ ਦਾ ਸਰਵੇਖਣ ਕੀਤਾ ਜਾਂਦਾ ਹੈ ਜਦਕਿ ਜ਼ਮੀਨੀ ਹਕੀਕਤ ਤੇ ਸਥਿਤੀ ਕੁੱਝ ਹੋਰ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਚਾਹੀਦਾ ਹੈ ਕਿ ਜਿਹੜੇ ਮੁਹੱਲਿਆਂ ਵਿੱਚ ਹਮੇਸ਼ਾ ਡੇਂਗੂ ਦਾ ਖਤਰਾ ਰਹਿੰਦਾ ਹੈ, ਉਨ੍ਹਾਂ ਮੁਹੱਲਿਆਂ ਪ੍ਰਤੀ ਪਹਿਲ ਦੇਣੀ ਚਾਹੀਦੀ ਹੈ ਅਤੇ ਸਮਾਂ ਰਹਿੰਦੇ ਹੀ ਕੀਟਨਾਸ਼ਕ ਦਵਾਈ ਦਾ ਸਪਰੇਅ ਅਤੇ ਹੋਰ ਸਾਧਨਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਤਾਂ ਕਿ ਡੇਂਗੂ ਹੋਰ ਨਾ ਫੈਲ ਸਕੇ।