ਐਨਪੀ ਧਵਨ
ਪਠਾਨਕੋਟ, 3 ਜੁਲਾਈ
ਨਹਿਰਾਂ ਵਿੱਚ ਮਾਧੋਪੁਰ ਹੈੱਡਵਰਕਸ ਤੋਂ ਆ ਰਹੇ ਸਵੱਛ ਪਾਣੀ ਨੂੰ ਨਗਰ ਨਿਗਮ ਪਠਾਨਕੋਟ ਅਤੇ ਨਗਰ ਕੌਂਸਲ ਸੁਜਾਨਪੁਰ ਵੱਲੋਂ ਬਦਬੂ ਮਾਰਦਾ ਗੰਦਾ ਪਾਣੀ ਸੁੱਟਣ ਨਾਲ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਗੰਧਲੇ ਕੀਤੇ ਜਾ ਰਹੇ ਪਾਣੀ ਨੂੰ ਬਚਾਉਣ ਲਈ ਨਹਿਰੀ ਵਿਭਾਗ ਹਰਕਤ ਵਿੱਚ ਆ ਗਿਆ ਹੈ ਅਤੇ ਵਿਭਾਗ ਵੱਲੋਂ ਦੋਨਾਂ ਅਥਾਰਟੀਆਂ ਨੂੰ ਨੋਟਿਸ ਭੇਜ ਦਿੱਤੇ ਹਨ।
ਹੈਡਵਰਕਸ ਯੂਬੀਡੀਸੀ ਮਾਧੋਪੁਰ ਦੇ ਐਸਡੀਓ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਮਾਧੋਪੁਰ ਤੋਂ ਨਿਕਲਦੀਆਂ ਨਹਿਰਾਂ ਵਿੱਚ ਸੁਜਾਨਪੁਰ ਵਿਖੇ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ। ਇਸੇ ਤਰ੍ਹਾਂ ਪਠਾਨਕੋਟ ਵਿਖੇ ਕਾਠ ਵਾਲਾ ਪੁਲ ਕੋਲ ਨਗਰ ਨਿਗਮ ਪਠਾਨਕੋਟ ਵੱਲੋਂ ਸ਼ਹਿਰ ਦੇ ਕੁੱਝ ਹਿੱਸੇ ਦਾ ਸੀਵਰੇਜ ਵਾਲਾ ਗੰਦਾ ਪਾਣੀ ਉਥੋਂ ਲੰਘਦੀ ਐਮਬੀ ਲਿੰਕ ਨਹਿਰ ਵਿੱਚ ਸੁੱਟਿਆ ਜਾ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਨਿਕਲ ਰਹੀ ਦੁਰਗੰਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਤੌਰ ਤੇ ਬਦਬੂਦਾਰ ਪਾਣੀ ਨਾਲ ਉਥੇ ਪੈਂਦੇ ਧਰੁਵ ਪਾਰਕ ਵਿੱਚ ਰੋਜ਼ਾਨਾ ਸਵੇਰੇ ਤੇ ਸ਼ਾਮ ਨੂੰ ਸੈਰ ਕਰਨ ਆਉਂਦੇ ਲੋਕਾਂ ਨੂੰ ਨਿਕਲਦੀ ਬਦਬੂ ਤੋਂ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਇਸ ਬਾਰੇ ਉਨ੍ਹਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਇਹ ਮਾਮਲਾ ਪਹਿਲਾਂ ਲਿਆਂਦਾ ਸੀ ਜਿਸ ਤੇ ਉਨ੍ਹਾਂ ਨਗਰ ਨਿਗਮ ਅਤੇ ਸੁਜਾਨਪੁਰ ਨਗਰ ਕੌਂਸਲ ਨੂੰ ਹਦਾਇਤ ਕੀਤੀ ਸੀ ਕਿ ਇਹ ਗੰਦਾ ਪਾਣੀ ਨਹਿਰਾਂ ਵਿੱਚ ਸੁੱਟਣਾ ਬੰਦ ਕੀਤਾ ਜਾਵੇ ਜਿਸ ’ਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਸੀਵਰੇਜ ਵਾਲੀ ਪਾਈਪ ਲਾਈਨ ਨੂੰ ਕਿਸੇ ਹੋਰ ਪਾਈਪ ਲਾਈਨ ਨਾਲ ਜੋੜ ਦਿੱਤਾ ਤੇ ਕਹਿ ਦਿੱਤਾ ਕਿ ਗੰਦਾ ਪਾਣੀ ਨਹਿਰ ਵਿੱਚ ਨਹੀਂ ਜਾਵੇਗਾ ਪਰ ਹਾਲ ਹੀ ਵਿੱਚ ਆਈ ਇੱਕੋ ਤੇਜ਼ ਬਰਸਾਤ ਤੋਂ ਬਾਅਦ ਮੁੜ ਪਾਣੀ ਨਹਿਰ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ। ਐਸਡੀਓ ਦਾ ਕਹਿਣਾ ਸੀ ਕਿ ਹੁਣ ਜਦ ਪਠਾਨਕੋਟ ਸ਼ਹਿਰ ਦੇ ਗੰਦੇ ਪਾਣੀ ਨੂੰ ਟਰੀਟ (ਸੋਧਣ) ਲਈ ਟਰੀਟਮੈਂਟ ਪਲਾਂਟ ਲੱਗ ਚੁੱਕਾ ਹੈ ਤੇ ਉਹ ਚੱਲ ਵੀ ਰਿਹਾ ਹੈ ਤਾਂ ਫਿਰ ਨਹਿਰ ਵਿੱਚ ਪਾਣੀ ਕਿਉਂ ਸੁੱਟਿਆ ਜਾ ਰਿਹਾ ਹੈ।