ਪੱਤਰ ਪ੍ਰੇਰਕ
ਪਠਾਨਕੋਟ, 2 ਅਪਰੈਲ
ਸ਼ਾਹਪੁਰਕੰਡੀ ਡੈਮ (ਬੈਰਾਜ) ਪ੍ਰਾਜੈਕਟ ਵਿੱਚ ਨੌਕਰੀਆਂ ਨਾ ਮਿਲਣ ਦੇ ਰੋਸ ਵੱਜੋਂ ਮੁੱਖ ਇੰਜਨੀਅਰ ਦਫ਼ਤਰ ਸਾਹਮਣੇ ਬਣੇ ਬੀਐੱਸਐੱਨਐੱਲ ਦੇ 150 ਫੁੱਟ ਉਚੇ ਟਾਵਰ ’ਤੇ ਚੜ੍ਹੇ ਆਊਸਟੀ ਪਰਿਵਾਰਾਂ ਦੇ ਦੋ ਬਜ਼ੁਰਗ ਸ਼ਰਮ ਸਿੰਘ ਤੇ ਕੁਲਵਿੰਦਰ ਸਿੰਘ ਦਾ 80 ਘੰਟੇ ਤੋਂ ਵੀ ਵੱਧ ਦਾ ਸਮਾਂ ਬੀਤਣ ਮਗਰੋਂ ਕੋਈ ਹੱਲ ਨਹੀਂ ਨਿਕਲਿਆ ਤੇ ਰੇੜਕਾ ਜਾਰੀ ਹੈ। ਸ਼ਾਹਪੁਰਕੰਡੀ ਡੈਮ (ਬੈਰਾਜ) ਪ੍ਰਾਜੈਕਟ ਦੇ ਉੱਚ ਅਧਿਕਾਰੀਆਂ ਦੇ ਅੱਜ ਉਸ ਵੇਲੇ ਹੱਥ ਪੈਰ ਫੁੱਲ ਗਏ ਜਦ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਦੋਵੇਂ ਬਜ਼ੁਰਗਾਂ ਕੋਲ ਇੱਕ ਖੁਦਕੁਸ਼ੀ ਨੋਟ ਵੀ ਹੈ, ਜਿਸ ਉਪਰ ਉਨ੍ਹਾਂ ਨੇ ਪ੍ਰਾਜੈਕਟ ਦੇ ਉਚ ਇੰਜਨੀਅਰ ਦਾ ਨਾਂ ਲਿਖਿਆ ਹੋਇਆ ਹੈ। ਇਸ ’ਤੇ ਉੱਚ ਇੰਜਨੀਅਰ ਨੇ ਤੁਰੰਤ ਜਲ ਸਰੋਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਵੀ ਸੂਚਨਾ ਦੇ ਕੇ ਇਸ ਮਸਲੇ ਦਾ ਕੋਈ ਰਾਜਨੀਤਿਕ ਹੱਲ ਕੱਢਣ ਲਈ ਕਿਹਾ ਹੈ। ਪਠਾਨਕੋਟ ਦੇ ਤਹਿਸੀਲਦਾਰ-ਕਮ-ਜ਼ਿਲ੍ਹਾ ਰੈਵੀਨਿਊ ਅਫਸਰ ਅਰਵਿੰਦ ਪ੍ਰਕਾਸ਼ ਵਰਮਾ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਗੱਲਬਾਤ ਕਰਦੇ ਰਹੇ ਪਰ 4 ਘੰਟੇ ਦੀ ਗੱਲਬਾਤ ਮਗਰੋਂ ਵੀ ਉਹ ਬੈਰਾਜ ਆਊਸਟੀ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਸੰਤੁਸ਼ਟ ਨਾ ਕਰ ਸਕੇ।