ਪੱਤਰ ਪ੍ਰੇਰਕ
ਭਿੱਖੀਵਿੰਡ, 25 ਜਨਵਰੀ
ਖੇਮਕਰਨ ਹਲਕੇ ਵਿੱਚ ਅੱਜ ਅਕਾਲੀ ਦਲ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਸ਼ਹਿਰ ਦੇ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਪਿਆਰੇ ਲਾਲ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕਾਂਗਰਸ ਆਪਣੇ ਰਹਿੰਦੇ 31 ਉਮੀਦਵਾਰਾਂ ਦੀ ਸੂਚੀ ਇਸ ਲਈ ਜਾਰੀ ਨਹੀਂ ਕਰ ਰਹੀ ਕਿਉਂਕਿ ਪਾਰਟੀ ਆਪਸੀ ਕਾਟੋ ਕਲੇਸ਼ ਤੋਂ ਡਰਦੀ ਹੈ। ਉਨ੍ਹਾਂ ਕਿਹਾ ਕਿ ਖੇਮਕਰਨ ਤੋਂ ਅਕਾਲੀ ਦਲ ਵੱਡੀ ਲੀਡ ਨਾਲ ਜਿੱਤ ਰਿਹਾ ਹੈ, ਹੁਣ ਚਾਹੇ ਇੱਥੋਂ ਰਾਹੁਲ ਗਾਂਧੀ ਵੀ ਚੋਣ ਲੜ ਲੈਣ, ਉਹ ਵੀ ਨਹੀਂ ਜਿੱਤ ਸਕਦੇ। ਇਸ ਤੋਂ ਇਲਾਵਾ ਵਿਰਸਾ ਸਿੰਘ ਵਲਟੋਹਾ ਨੇ ਖੇਮਕਰਨ ਦੇ ਅਕਾਲੀ ਦਲ ਦੇ ਸਾਬਕਾ ਨਗਰ ਪੰਚਾਇਤ ਪ੍ਰਧਾਨ ਪਰਮਜੀਤ ਸਿੰਘ ਵਲੋਂ ਰੱਖੀ ਚੋਣ ਮੀਟਿੰਗ ਵਿਚ ਹਿੱਸਾ ਲਿਆ ਅਤੇ ਕਰੀਬ 40 ਕਾਂਗਰਸੀ ਪਰਿਵਾਰਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਕੀਤਾ।
ਅਟਾਰੀ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਰਾਜਾਸਾਂਸੀ ਤੇ ਬਲਾਕ ਚੌਗਾਵਾਂ ਦੇ ਪਿੰਡ ਕੁਮਾਸਕਾ ਤੋਂ ਕਾਂਗਰਸ ਪਾਰਟੀ ਨੂੰ ਉਸ ਵੇਲੇ ਜ਼ੋਰਦਾਰ ਧੱਕਾ ਲੱਗਾ ਜਦੋਂ ਇੱਥੋਂ ਦੇ 40 ਕਾਂਗਰਸੀ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੀਰ ਸਿੰਘ ਲੋਪੋਕੇ ਨੇ ਸਿਰੋਪਾਓ ਪਾ ਕੇ ਪਰਿਵਾਰਾਂ ਦਾ ਸਨਮਾਨਿ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਲੋਪੋਕੇ ਅਤੇ ਪਾਰਟੀ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਡੱਲੇਕੇ ਨੇ ਕਿਹਾ ਕਿ ਪੰਜਾਬ ਵਾਸੀ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਅਤੇ ਝੂਠੇ ਵਾਅਦਿਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ, ਇਸ ਲਈ ਉਨ੍ਹਾਂ ਪੰਜਾਬ ਵਿੱਚੋਂ ਕਾਂਗਰਸ ਦਾ ਪੱਤਾ ਸਾਫ਼ ਕਰਨ ਦਾ ਮਨ ਬਣਾ ਲਿਆ ਹੈ। ਇਸ ਮੌਕੇ ਅਵਤਾਰ ਸਿੰਘ, ਜਥੇ ਨਾਨਕ ਸਿੰਘ, ਮੇਜਰ ਸਿੰਘ, ਗੁਰਬਾਜ਼ ਸਿੰਘ, ਜਸਕਰਨ ਸਿੰਘ ਹਾਜ਼ਰ ਸਨ।