ਗੁਰਬਖਸ਼ਪੁਰੀ
ਤਰਨ ਤਾਰਨ, 25 ਮਾਰਚ
ਇਥੋਂ ਦੇ ਵਿਸ਼ਾਲ ਮੈਗਾ ਮਾਰਟ ’ਤੇ ਅੱਜ ਹਥਿਆਰਬੰਦ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਨਾਲ ਮਾਰਟ ਦਾ ਭਾਰੀ ਨੁਕਸਾਨ ਹੋਇਆ। ਇਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਗੋਲੀ ਚੱਲਣ ਦੀ ਇਸ ਵਾਰਦਾਤ ਨਾਲ ਮਾਰਟ ਵਿੱਚ ਖਰੀਦੋ-ਫ਼ਰੋਖਤ ਕਰਨ ਲਈ ਆਏ ਗਾਹਕ ਸਹਿਮ ਗਏ ਅਤੇ ਉਨ੍ਹਾਂ ਨੇ ਇਧਰ-ਉਧਰ ਛੁਪ ਕੇ ਆਪਣੀ ਜਾਨ ਬਚਾਈ| ਇਹ ਮਾਰਟ ਐੱਸਐੱਸਪੀ ਦੀ ਰਿਹਾਇਸ਼ ਦੇ ਸਾਹਮਣੇ ਅਤੇ ਸ਼ਹਿਰ ਦੀ ਮੇਨ ਸੜਕ ਉੱਤੇ ਸਥਿਤ ਹੈ| ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਸੁੱਚਾ ਸਿੰਘ ਪੁਲੀਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਬਾਰੇ ਜਾਣਕਾਰੀ ਇਕੱਤਰ ਕੀਤੀ| ਡੀਐੱਸਪੀ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਵਿੱਚ ਜੈਦੀਪ ਸਿੰਘ ਵਾਸੀ ਪਲਾਸੌਰ, ਸੰਨੀ ਦਿਆਲਪੁਰ ਸਮੇਤ ਕਈ ਹੋਰਨਾਂ ਦੀ ਪਛਾਣ ਕਰ ਲਈ ਗਈ ਹੈ| ਇਸ ਸਬੰਧੀ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਦਫ਼ਾ 307, 148, 149, 427 ਫੌਜਦਾਰੀ ਤੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਹੈ| ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ|
ਪ੍ਰਾਪਤ ਜਾਣਕਾਰੀ ਅਨੁਸਾਰ ਮਾਰਟ ’ਤੇ ਸਵੇਰ ਵੇਲੇ ਜੈਦੀਪ ਸਿੰਘ ਆਪਣੇ ਪਰਿਵਾਰ ਸਮੇਤ ਘਰੇਲੂ ਸਾਮਾਨ ਖਰੀਦਣ ਲਈ ਆਇਆ ਸੀ ਤੇ ਸਾਮਾਨ ਖਰੀਦਣ ਵੇਲੇ ਮਾਰਟ ਦੇ ਸੇਲਜ਼ਮੈਨ ਨਾਲ ਉਸ ਦੀ ਬਹਿਸ ਹੋਈ ਸੀ| ਇਸੇ ਗੱਲ ਤੋਂ ਬਾਅਦ ਜੈਦੀਪ ਸਿੰਘ ਸ਼ਾਮ ਵੇਲੇ ਆਪਣੇ ਕਈ ਹੋਰ ਹਥਿਆਰਬੰਦ ਸਾਥੀਆਂ ਨੂੰ ਲੈ ਕੇ ਮੌਕੇ ’ਤੇ ਪਹੁੰਚਿਆ| ਮਾਰਟ ਦੇ ਮੈਨੇਜਰ ਅਰਵਿੰਦਰ ਕੁਮਾਰ ਨੇ ਦੱਸਿਆ ਕਿ ਜੈਦੀਪ ਸਿੰਘ ਤੇ ਉਸ ਦੇ ਸਾਥੀਆਂ ਦੀ ਮਾਰਟ ਦੇ ਮੁਲਾਜ਼ਮ ਗੁਰਵਿੰਦਰ ਸਿੰਘ ਨਾਲ ਬਹਿਸ ਹੋਈ ਅਤੇ ਇਸ ਮਗਰੋਂ ਉਨ੍ਹਾਂ ਨੇ ਬਾਹਰ ਆ ਕੇ ਮਾਰਟ ਵੱਲ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਕਾਰਨ ਮਾਰਟ ਦੇ ਮੇਨ ਗੇਟ ਸਮੇਤ ਹੋਰ ਸਾਮਾਨ ਨੁਕਸਾਨਿਆ ਗਿਆ| ਗੋਲੀਆਂ ਚੱਲਣ ਨਾਲ ਗਾਹਕਾਂ ਵਿੱਚ ਦਹਿਸ਼ਤ ਫੈਲ ਗਈ| ਇਹ ਸਾਰੀ ਘਟਨਾ ਮਾਰਟ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ| ਘਟਨਾ ਨਾਲ ਸਬੰਧਤ ਹੋਰਨਾਂ ਮੁਲਜ਼ਮਾਂ ਦੀ ਪਛਾਣ ਲਈ ਪੁਲੀਸ ਵੱਲੋਂ ਇਨ੍ਹਾਂ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ| ਪੁਲੀਸ ਨੇ ਮੌਕੇ ਤੋਂ ਗੋਲੀਆਂ ਦੇ ਚਾਰ ਖਾਲੀ ਖੋਲ ਵੀ ਬਰਾਮਦ ਕੀਤੇ ਹਨ|
ਜਨਮ ਦਿਨ ਦੀ ਪਾਰਟੀ ਦੌਰਾਨ ਹਵਾਈ ਫਾਇਰਿੰਗ
ਜਲੰਧਰ (ਪਾਲ ਸਿੰਘ ਨੌਲੀ): ਬੀਤੀ ਰਾਤ ਕਰਫਿਊ ਦੌਰਾਨ ਕੁਝ ਨੌਜਵਾਨਾਂ ਨੇ ਸੜਕ ’ਤੇ ਜਨਮ ਦਿਨ ਦੀ ਪਾਰਟੀ ਮਨਾਉਂਦਿਆਂ ਹਵਾ ਵਿੱਚ ਗੋਲੀਆਂ ਚਲਾਈਆਂ। ਇਸ ਘਟਨਾ ਦੀ ਸੀਸੀਟੀਵੀ ਫੁਟੇਜ਼ ਵਾਇਰਲ ਹੋ ਗਈ ਹੈ। ਜ਼ਿਕਰਯੋਗ ਹੈ ਕਿ ਰਾਤ ਦਾ ਕਰਫਿਊ 9 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ, ਜਿਹੜਾ ਸਵੇਰੇ 5 ਵਜੇ ਤੱਕ ਰਹਿੰਦਾ ਹੈ। ਇਥੇ ਸੋਢਲ ਫਾਟਕ ਨੇੜੇ ਰਾਤ ਦੇ ਕਰੀਬ 11 ਵਜੇ ਸੜਕ ’ਤੇ ਜਨਮ ਦਿਨ ਦੀ ਪਾਰਟੀ ਮਨਾਈ ਗਈ। ਕਾਰ ਵਿਚ ਹੀ ਸਟੀਰੀਓ ਵਜਾ ਕੇ ਜਿਥੇ ਡਾਂਸ ਕੀਤਾ ਗਿਆ ਉਥੇ ਪਿਸਤੌਲ ਕੱਢ ਕੇ ਨੌਜਵਾਨਾਂ ਵੱਲੋਂ ਹਵਾ ਵਿਚ ਗੋਲੀਆਂ ਚਲਾਈਆਂ ਗਈਆਂ। ਇਹ ਵੀ ਜਾਣਕਾਰੀ ਮਿਲੀ ਹੈ ਕਿ ਗੋਲੀਬਾਰੀ ਕਾਰਨ ਇਮੀਗ੍ਰੇਸ਼ਨ ਦੇ ਦਫਤਰ ਦਾ ਸ਼ੀਸ਼ਾ ਟੁੱਟ ਗਿਆ। ਇਮੀਗ੍ਰੇਸ਼ਨ ਦਫਤਰ ਦੇ ਮਾਲਕ ਭੁਪਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਰਾਤ 11 ਵਜੇ ਦੇ ਕਰੀਬ ਨੌਜਵਾਨ ਇਥੇ ਜਨਮ ਦਿਨ ਦੀ ਪਾਰਟੀ ਮਨਾ ਰਹੇ ਸਨ ਤੇ ਕਾਰ ਵਿਚ ਤੇਜ਼ ਮਿਊਜ਼ਿਕ ਚੱਲ ਰਿਹਾ ਸੀ। ਇਸੇ ਦੌਰਾਨ ਇਕ ਨੌਜਵਾਨ ਨੇ ਗੋਲੀਆਂ ਚਲਾਈਆਂ। ਉਸ ਨੂੰ ਸਵੇਰੇ ਦਫਤਰ ਵਿਚ ਕੰਮ ਕਰਨ ਵਾਲੇ ਮੁੰਡੇ ਨੇ ਦੱਸਿਆ ਕਿ ਗੋਲੀ ਚੱਲਣ ਨਾਲ ਦਫਤਰ ਦਾ ਸ਼ੀਸ਼ਾ ਟੁੱਟ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਖਾਲਸਾ ਇਮੀਗ੍ਰੇਸ਼ਨ ਦਫਤਰ ਦੀ ਸੀਸੀਟੀਵੀ ਫੁਟੇਜ਼ ਦੇਖ ਲਈ ਹੈ। ਪੁਲੀਸ ਦਾ ਕਹਿਣਾ ਹੈ ਕਿ ਅਜੇ ਤੱਕ ਚੱਲੀਆਂ ਗੋਲੀਆਂ ਦੇ ਖਾਲੀ ਕਾਰਤੂਸ ਨਹੀਂ ਮਿਲੇ ਜਿਸ ਕਰਕੇ ਗੋਲੀ ਚੱਲਣ ਦੀ ਘਟਨਾ ਬਾਰੇ ਸਪੱਸ਼ਟ ਨਹੀਂ ਕਿਹਾ ਜਾ ਸਕਦਾ।