ਐੱਨਪੀ ਧਵਨ
ਪਠਾਨਕੋਟ, 9 ਜੁਲਾਈ
ਪਿੰਡ ਬੇਗੋਵਾਲ-ਤਾਰਾਗੜ੍ਹ ਵਿੱਚ ਅੱਜ ਸਥਾਨਕ ਦੁਕਾਨਦਾਰਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਟਰੱਕ ਚਾਲਕਾਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੀ ਅਗਵਾਈ ਸਿਟੀ ਕਾਂਗਰਸ ਪ੍ਰਧਾਨ ਮੁਨੀਸ਼ ਖਜੂਰੀਆ ਨੇ ਕੀਤੀ। ਇਸ ਵਿੱਚ ਜ਼ਿਲ੍ਹਾ ਪਰਿਸ਼ਦ ਮੈਂਬਰ ਬੌਬੀ ਸੈਣੀ, ਐਡਵੋਕੇਟ ਅਮਰਦੀਪ ਸਮਾਰਟੀ, ਸਾਬਕਾ ਬਲਾਕ ਉਪ ਪ੍ਰਧਾਨ ਪੂਰਨ ਚੰਦ ਘਿਆਲਾ, ਕਾਂਗਰਸੀ ਆਗੂ ਕਰਨ ਨਿਸ਼ਚਲ, ਪਵਨ ਵਸ਼ਿਸ਼ਟ, ਕੰਸ ਰਾਜ, ਜੋਗਿੰਦਰ ਸਿੰਘ, ਹੈਪੀ ਮਹਾਜਨ, ਬੋਧਰਾਜ, ਯੁਵਾ ਆਗੂ ਵਿਸ਼ਾਲ ਸੈਣੀ ਆਦਿ ਸ਼ਾਮਲ ਹੋਏ। ਇਨ੍ਹਾਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਦੀਨਾ ਨਗਰ-ਨਰੋਟ ਜੈਮਲ ਸਿੰਘ ਪ੍ਰਮੁੱਖ ਮਾਰਗ ’ਤੇ ਰੇਤਾ, ਬੱਜਰੀ ਵਾਲੇ ਟਰੱਕਾਂ, ਟਰਾਲਿਆਂ ਅਤੇ ਟਿੱਪਰਾਂ ਦੇ ਦਿਨ ਦੇ ਸਮੇਂ ਚਲਾਉਣ ਉਪਰ ਪਾਬੰਦੀ ਲਗਾ ਰੱਖੀ ਹੈ ਪਰ ਇਹ ਟਰੱਕ ਚਾਲਕ ਆਪਣੀ ਮਨਮਰਜ਼ੀ ਨਾਲ ਦਿਨ ਦੇ ਸਮੇਂ ਸ਼ਰ੍ਹੇਆਮ ਜ਼ਿਲ੍ਹਾ ਪ੍ਰ੍ਰਸ਼ਾਸਨ ਦੇ ਆਦੇਸ਼ਾਂ ਨੂੰ ਟਿੱਚ ਜਾਣਦੇ ਹੋਏ ਸੜਕਾਂ ’ਤੇ ਦੌੜਦੇ ਦਿਖਾਈ ਦਿੰਦੇ ਹਨ।
ਇਸ ਕਾਰਨ ਰਾਵੀ ਪੁਲ, ਕਥਲੌਰ, ਤਾਰਾਗੜ੍ਹ, ਦੀਨਾਨਗਰ, ਪਰਮਾਨੰਦ ’ਤੇ ਲੱਗੇ ਪੁਲੀਸ ਨਾਕਿਆਂ ਉਪਰ ਡਿਊਟੀ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਅੱਗੇ ਕਿਹਾ ਕਿ ਇਨ੍ਹਾਂ ਓਵਰਲੋਡ ਵਾਹਨਾਂ ਦੇ ਚੱਲਣ ਨਾਲ ਇਸ ਪ੍ਰਮੁੱਖ ਮਾਰਗ ਦੀ ਹਾਲਤ ਵੀ ਬਹੁਤ ਮੰਦੀ ਹੋ ਚੁੱਕੀ ਹੈ।
ਉਲੰਘਣਾ ਕਰਨ ਵਾਲੇ ਟਰੱਕ ਡਰਾਈਵਰ ਬਖ਼ਸ਼ੇ ਨਹੀਂ ਜਾਣਗੇ: ਵਿਧਾਇਕ
ਦੂਜੇ ਪਾਸੇ ਭੋਆ ਵਿਧਾਨ ਸਭਾ ਦੇ ਸਬੰਧਤ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਟਰੱਕ ਡਰਾਈਵਰਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਵੇਗਾ ਅਤੇ ਇਸ ਦੇ ਲਈ ਥਾਣਾ ਮੁਖੀ ਨੂੰ ਵੀ ਕਾਰਵਾਈ ਕਰਨ ਲਈ ਕਿਹਾ ਜਾਵੇਗਾ।