ਤਗੁਰਬਖਸ਼ਪੁਰੀ
ਤਰਨ ਤਾਰਨ, 1 ਨਵੰਬਰ
ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਡੱਲ ਦੇ ਇਕ 50 ਸਾਲ ਦੇ ਵਿਅਕਤੀ ਦੀ ਪੈਸਿਆਂ ਦੇ ਲੈਣ ਦੇਣ ਤੋਂ ਅੱਜ ਉਸਦੇ ਵੱਡੇ ਭਰਾ ਤੇ ਭਤੀਜਿਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ| ਮ੍ਰਿਤਕ ਦੀ ਸ਼ਨਾਖਤ ਜਸਬੀਰ ਸਿੰਘ ਵਜੋਂ ਕੀਤੀ ਗਈ ਹੈ| ਇਹ ਘਟਨਾ ਅੱਜ ਸਵੇਰ ਵੇਲੇ ਪਿੰਡ ਦੇ ਵਾਸੀ ਬਲਵਿੰਦਰ ਸਿੰਘ ਦੇ ਘਰ ਹੋਈ ਜਿਥੇ ਦੋਵੇਂ ਧਿਰਾਂ ਉਸ ਕੋਲੋਂ ਇਕ ਸਾਲ ਪਹਿਲਾਂ ਗਹਿਣੇ ’ਤੇ ਲਈ ਇਕ ਏਕੜ ਜ਼ਮੀਨ ਦੀ ਮਿਆਦ ਖਤਮ ਹੋਣ ’ਤੇ ਗਹਿਣੇ ਦੇ ਪੈਸੇ ਵਾਪਸ ਲੈਣ ਗਏ ਸਨ। ਮ੍ਰਿਤਕ ਜਸਬੀਰ ਸਿੰਘ ਨਾਲ ਉਸ ਦਾ ਲੜਕਾ ਦਲੇਰ ਸਿੰਘ ਤੇ ਦਲੇਰ ਸਿੰਘ ਦਾ ਸਾਂਢੂ ਸੁਖਜਿੰਦਰ ਸਿੰਘ ਵੀ ਸੀ ਜਦੋਂਕਿ ਉਸ ਦੇ ਭਰਾ ਪਰਗਟ ਸਿੰਘ ਨਾਲ ਉਸ ਦੇ ਲੜਕੇ ਸਿਕੰਦਰ ਸਿੰਘ ਤੇ ਨਛੱਤਰ ਸਿੰਘ ਮੌਕੇ ’ਤੇ ਹਾਜ਼ਰ ਸਨ| ਜ਼ਮੀਨ ਦੇ ਗਹਿਣੇ ਦੇ ਦਿੱਤੇ ਹੋਏ ਪੈਸਿਆਂ ਦੇ ਲੈਣ ਦੇਣ ਤੋਂ ਜਿਵੇਂ ਹੀ ਦੋਹਾਂ ਭਰਾਵਾਂ ਦਾ ਤਕਰਾਰ ਹੋਇਆ ਤਾਂ ਪਰਗਟ ਸਿੰਘ ਨੇ ਆਪਣੇ ਪੁੱਤਰ ਨਛੱਤਰ ਸਿੰਘ ਨੂੰ ਲਲਕਾਰਾ ਮਾਰ ਕੇ ਆਪਣੇ ਚਾਚੇ ’ਤੇ ਗੋਲੀਆਂ ਚਲਾਉਣ ਲਈ ਉਕਸਾਇਆ| ਉਸ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਚਾਚਾ ਜਸਬੀਰ ਸਿੰਘ ’ਤੇ ਛੇ ਗੋਲੀਆਂ ਦਾਗ ਦਿੱਤੀਆਂ| ਇਕ ਗੋਲੀ ਜਸਬੀਰ ਸਿੰਘ ਦੇ ਪੇਟ ’ਚ ਲੱਗੀ, ਗੋਲੀ ਲੱਗਣ ਨਾਲ ਦਲੇਰ ਸਿੰਘ ਵੀ ਜ਼ਖ਼ਮੀ ਹੋ ਗਿਆ| ਦੋਹਾਂ ਨੂੰ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਜਿਥੇ ਡਾਕਟਰਾਂ ਨੇ ਜਸਬੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ| ਦਲੇਰ ਸਿੰਘ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ| ਡੀਐੱਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਪਰਗਟ ਸਿੰਘ, ਉਸਦੇ ਦੋਹਾਂ ਲੜਕਿਆਂ ਨਛੱਤਰ ਸਿੰਘ ਤੇ ਸਿਕੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਵਾਰਦਾਤ ਦੇ ਤੁਰੰਤ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।
ਦਾਤਰ ਮਾਰ ਕੇ ਜ਼ਖ਼ਮੀ ਕੀਤਾ
ਪਠਾਨਕੋਟ (ਪੱਤਰ ਪ੍ਰੇਰਕ) ਬਮਿਆਲ ’ਚ ਇੱਕ ਵਿਅਕਤੀ ਨੂੰ ਦਾਤਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਥਾਣਾ ਨਰੋਟ ਜੈਮਲ ਸਿੰਘ ਦੀ ਪੁਲੀਸ ਨੇ ਹਮਲਾਵਰ ਮੋਹਿਤ ਕੁਮਾਰ ਵਾਸੀ ਬਮਿਆਲ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜ਼ਖ਼ਮੀ ਹੋਏ ਸਤਨਾਮ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਪਿੰਡ ਦੇ ਮਿੰਟਾ ਦਾ ਢਾਬਾ, ਬਮਿਆਲ ’ਚ ਖੜ੍ਹਾ ਸੀ ਤਾਂ ਮੋਹਿਤ ਕੁਮਾਰ ਜੋ ਬਮਿਆਲ ’ਚ ਮੀਟ ਮੁਰਗੇ ਦੀ ਦੁਕਾਨ ਕਰਦਾ ਹੈ, ਨੇ ਉਸ ਨੂੰ ਗਾਲ੍ਹ ਕੱਢ ਦਿੱਤੀ ਤੇ ਕਿਹਾ ਕਿ ਤੂੰ ਮੇਰੀ ਦੁਕਾਨ ਤੋਂ ਮੀਟ ਨਹੀਂ ਲੈਂਦਾ ਤੇ ਮੀਟ ਵੱਢਣ ਵਾਲਾ ਦਾਤਰ ਉਸ ਦੇ ਕੰਨ ’ਤੇ ਮਾਰ ਦਿੱਤਾ। ਜਿਸ ਨਾਲ ਉਹ ਲਹੂ ਲੁਹਾਨ ਹੋ ਗਿਆ।