ਜਗਤਾਰ ਸਿੰਘ ਛਿੱਤ
ਜੈਂਤੀਪੁਰ, 30 ਸਤੰਬਰ
ਹਲਕਾ ਮਜੀਠਾ ਦੇ ਪਿੰਡ ਭੰਗਾਲੀ ਕਲਾਂ ਵਿੱਚ ਬੀਤੀ ਰਾਤ ਹੋਈ ਮਾਮੂਲੀ ਲੜਾਈ ਨੂੰ ਲੈ ਕੇ ਇੱਕ ਧਿਰ ਵੱਲੋਂ ਦੂਜੀ ਧਿਰ ਉੱਪਰ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਸਰਪੰਚ ਨਿਸ਼ਾਨ ਸਿੰਘ ਭੰਗਾਲੀ ਕਲਾਂ, ਗੁਰਦੇਵ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ, ਮੇਜਰ ਸਿੰਘ , ਕਾਬਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਹੀ ਪਿੰਡ ਦੇ ਰਹਿਣ ਵਾਲੇ ਵਿਸ਼ਾਲਦੀਪ ਸਿੰਘ ਦੀ ਮਾਮੂਲੀ ਤਕਰਾਰ ਪਿੰਡ ਦੇ ਰਹਿਣ ਵਾਲੇ ਨੌਜਵਾਨ ਨਾਲ ਹੋਈ ਸੀ ਪਰ ਨੌਜਵਾਨ ਵੱਲੋਂ ਆਪਣੇ ਸਾਥੀਆਂ ਅਤੇ ਪਰਿਵਾਰਕ ਮੈਂਬਰਾਂ ਨਾਲ ਨਾਜਾਇਜ਼ ਹਥਿਆਰ ਲਿਆ ਕੇ ਵਿਸ਼ਾਲਦੀਪ ਸਿੰਘ ਉੱਪਰ ਗੋਲੀਆਂ ਚਲਾਈਆਂ ਗਈਆਂ। ਇਸ ਸਬੰਧੀ ਪੁਲੀਸ ਚੌਕੀ ਭੰਗਾਲੀ ਕਲਾਂ ਦੇ ਮੁਲਾਜ਼ਮਾਂ ਨੂੰ ਗੋਲੀਆਂ ਦੇ ਖੋਲ ਹਵਾਲੇ ਕਰ ਦਿੱਤੇ ਗਏ ਪਰ ਕਰੀਬ 18 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲੀਸ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਗਈ। ਪੀੜਤ ਵਿਸ਼ਾਲਦੀਪ ਸਿੰਘ ਦੇ ਪਰਿਵਾਰ ਨੇ ਦੋਸ਼ ਲਗਾਏ ਕਿ ਪੁਲੀਸ ਵੱਲੋਂ ਮੁਲਜ਼ਮਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਉਧਰ ਦੂਜੀ ਧਿਰ ਕੋਮਲਪ੍ਰੀਤ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਰਾਜ਼ੀਨਾਮਾ ਹੋ ਚੁੱਕਾ ਹੈ ਜਦਕਿ ਪੀੜਤ ਵਿਸ਼ਾਲਦੀਪ ਸਿੰਘ ਦੇ ਪਰਿਵਾਰ ਨੇ ਰਾਜ਼ੀਨਾਮੇ ਦੀ ਗੱਲ ਨੂੰ ਝੂਠਾ ਕਰਾਰ ਦਿੱਤਾ ਅਤੇ ਕਾਰਵਾਈ ਦੀ ਮੰਗ ਕੀਤੀ। ਉਧਰ ਪੁਲੀਸ ਚੌਕੀ ਭੰਗਾਲੀ ਕਲਾਂ ਦੇ ਇੰਚਾਰਜ ਏਐੱਸਆਈ ਜਤਿੰਦਰਪਾਲ ਸਿੰਘ ਪਰਚਾ ਦਰਜ ਨਾ ਕਰਨ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕੇ। ਡੀਐੱਸਪੀ ਮਜੀਠਾ ਅਭਿਮੰਨਿਊ ਰਾਣਾ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਜਲਦ ਕਾਰਵਾਈ ਕੀਤੀ ਜਾਵੇਗੀ।
ਕੇਸ ਦਰਜ ਨਾ ਹੋਣ ਦੀ ਕੀਤੀ ਜਾਵੇਗੀ ਜਾਂਚ: ਐੱਸਐੱਸਪੀ
ਐੱਸਐੱਸਪੀ ਦਿਹਾਤੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਜੇ ਚੌਕੀ ਇੰਚਾਰਜ ਵੱਲੋਂ ਕੇਸ ਦਰਜ ਨਹੀਂ ਕੀਤਾ ਗਿਆ ਤਾਂ ਇਸ ਦੀ ਜਾਂਚ ਕੀਤੀ ਜਾਵੇਗੀ।