ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 31 ਜਨਵਰੀ
ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਘਸੀਟਪੁਰਾ ’ਚ ਵਿਆਹ ਮੌਕੇ ਲੱਗੇ ਡੀਜੇ ’ਤੇ ਭੰਗੜਾ ਪਾਉਣ ਸਮੇਂ ਹੋਈ ਲੜਾਈ ’ਚ ਗੋਲੀਆਂ ਚੱਲ ਗਈਆਂ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਕਾਰੀ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਅਵਤਾਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਘਸੀਟਪੁਰਾ ਨੇ ਦੱਸਿਆ ਕਿ 29 ਜਨਵਰੀ ਨੂੰ ਉਨ੍ਹਾਂ ਦੇ ਭਰਾ ਸਕੱਤਰ ਸਿੰਘ ਦੇ ਲੜਕੇ ਸਾਗਰ ਦਾ ਵਿਆਹ ਸਮਾਗਮ ਚੱਲ ਰਿਹਾ ਸੀ। ਇਸ ਦੌਰਾਨ ਡੀਜੇ ’ਤੇ ਗਾਣਾ ਲਾਉਣ ਤੋਂ ਜਸਵਿੰਦਰ ਸਿੰਘ, ਅੰਮ੍ਰਿਤ ਸਿੰਘ ਅਤੇ ਵਿੱਕੀ ਸਾਗਰ ਦਾ ਚਚੇਰੇ ਭਰਾ ਸਕੱਤਰ ਸਿੰਘ ਨਾਲ ਤਕਰਾਰ ਹੋ ਗਈ ਜੋ ਖੂਨੀ ਟਕਰਾਅ ਵਿੱਚ ਤਬਦੀਲ ਹੋ ਗਈ। ਇਸ ਦੌਰਾਨ ਦੋਨਾਂ ਧਿਰਾਂ ਵਿੱਚ ਗਾਲੀ ਗਲੋਚ ਵੀ ਹੋਇਆ। ਜਿਸ ਦੌਰਾਨ ਜਸਵਿੰਦਰ ਸਿੰਘ, ਅੰਮ੍ਰਿਤ ਸਿੰਘ ਅਤੇ ਵਿੱਕੀ ਵੱਲੋਂ ਘਰ ਦੀ ਭੰਨਤੋੜ ਕਰਦੇ ਹੋਏ ਘਰ ਦੇ ਬਾਹਰ ਖੜ੍ਹੀ ਕਾਰ ਵੀ ਭੰਨ ਦਿੱਤੀ ਗਈ। ਜਿਸ ਤੋਂ ਬਾਅਦ ਤਿੰਨੇ ਜਾਨੋ ਮਾਰਨ ਦੀਆਂ ਧਮਕੀਆ ਦਿੰਦੇ ਹੋਏ ਘਰੋਂ ਚਲੇ ਗਏ ਅਤੇ ਅੱਧੇ ਘੰਟੇ ਬਾਅਦ 10 ਹੋਰ ਅਣਪਛਾਤੇ ਸਾਥੀਆਂ ਸਮੇਤ ਘਰ ਵਿੱਚ ਦਾਖਲ ਹੋ ਕੇ ਉਨ੍ਹਾਂ ’ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਜਿਸ ਦੌਰਾਨ ਰਾਹੁਲ ਅਤੇ ਅਵਤਾਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਖਡੂਰ ਸਾਹਿਬ ਵਿੱਚ ਦਾਖਿਲ ਕਰਵਾਇਆ ਗਿਆ ਹੈ। ਜਾਂਚ ਅਧਕਾਰੀ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਦੇ ਬਿਆਨ ’ਤੇ ਜਸਵਿੰਦਰ ਸਿੰਘ ਉਰਫ ਬਿੱਟੀ ਪੁੱਤਰ ਹਰਦੀਪ ਸਿੰਘ ਵਾਸੀ ਮਥੇਰੇਵਾਲ, ਅੰਮ੍ਰਿਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਮਥਰੇਵਾਲ ਤੇ ਵਿੱਕੀ ਪੁੱਤਰ ਮਨਜੀਤ ਸਿੰਘ ਵਾਸੀ ਧੋਤੀਆ ਤੋਂ ਇਲਾਵਾ 10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਮਾਂ-ਪੁੱਤ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ
ਤਰਨ ਤਾਰਨ (ਪੱਤਰ ਪ੍ਰੇਰਕ) ਇਥੇ ਪੁਲੀਸ ਲਾਈਨ ਕਲੋਨੀ ਵਾਸੀ ਮਾਂ-ਪੁੱਤਰ ਵੱਲੋਂ ਸ਼ਹਿਰ ਦੀ ਵਸਨੀਕ ਨਾਲ 12 ਲੱਖ ਰੁਪਏ ਦੀ ਠੱਗੀ ਮਾਰ ਲਈ| ਮੁਲਜ਼ਮਾਂ ਵਿੱਚ ਸੁਰਿੰਦਰ ਕੌਰ ਤੇ ਉਸਦੇ ਲੜਕੇ ਮਨਪ੍ਰੀਤ ਸਿੰਘ ਦਾ ਨਾਂ ਸ਼ਾਮਲ ਹੈ| ਠੱਗੀ ਦਾ ਸ਼ਿਕਾਰ ਬਣੀ ਸ਼ਹਿਰ ਦੀ ਚੰਦਰ ਕਲੋਨੀ ਦੀ ਵਸਨੀਕ ਗੁਰਜੀਤ ਕੌਰ ਨੇ ਪੁਲੀਸ ਨੂੰ ਕੀਤੀ ਸ਼ਿਕਾਇਤ ਵਿੱਚ ਕਿਹਾ ਕਿ ਮੁਲਜ਼ਮਾਂ ਨੇ ਉਸ ਕੋਲੋਂ ਛੇ ਮਹੀਨੇ ਪਹਿਲਾਂ 12 ਲੱਖ ਰੁਪਏ ਲਏ ਸਨ ਪਰ ਉਨ੍ਹਾਂ ਵੱਲੋਂ ਦਿੱਤਾ ਚੈੱਕ ਬਾਉਂਸ ਹੋ ਗਿਆ| ਇਸ ਸਬੰਧੀ ਥਾਣਾ ਸਿਟੀ ਦੀ ਪੁਲੀਸ ਨੇ ਧਾਰਾ 420, 120–ਬੀ ਅਧੀਨ ਕੇਸ ਦਰਜ ਕੀਤਾ ਹੈ| ਸੁਰਿੰਦਰ ਕੌਰ ਦੇ ਪਤੀ ਗੁਰਦੀਪ ਸਿੰਘ ਏਐਸਆਈ ਦੀ ਇਕ ਸਾਲ ਪਹਿਲਾਂ ਪੁਲੀਸ ਲਾਈਨ ਕਲੋਨੀ ਕੋਲ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ|