ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 17 ਸਤੰਬਰ
ਭਗਵਾਨ ਵਾਲਮੀਕਿ ਸੁਧਾਰ ਸਭਾ ਪੰਜਾਬ ਵਲੋਂ ਪ੍ਰਧਾਨ ਰੇਸ਼ਮ ਸਿੰਘ ਤੇ ਚੇਅਰਮੈਨ ਪੰਕਜ ਨਾਥ ਦੀ ਅਗਵਾਈ ਹੇਠ ਇਕੱਤਰ ਹੋਏ ਵਾਲਮੀਕਿ ਭਾਈਚਾਰੇ ਦੇ ਲੋਕਾਂ ਵੱਲੋਂ ਪੁਲੀਸ ਥਾਣਾ ਝੰਡੇਰ ਦਾ ਘਿਰਾਓ ਕਰਦਿਆਂ ਕੁੱਕੜਾਂਵਾਲਾ, ਮਹੱਦੀਪੁਰਾ ਰੋਡ ’ਤੇ ਐਨ ਥਾਣੇ ਸਾਹਮਣੇ ਪੁਲੀਸ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਰੋਹ ਭਰਿਆ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਚੇਅਰਮੈਨ ਪੰਕਜ ਨਾਥ ਨੇ ਦੱਸਿਆ ਕਿ ਮਿਤੀ 8 ਸਤੰਬਰ ਨੂੰ ਸੰਸਥਾ ਦੇ ਵਾਈਸ ਪ੍ਰਧਾਨ ਪੰਜਾਬ ਰਾਜਬੀਰ ਸਿੰਘ ਜੋ ਕਿ ਪ੍ਰੀਆ ਨਾਂ ਦੀ ਲੜਕੀ ਦੇ ਨਾਲ ਉਨ੍ਹਾਂ ਦੇ ਕਿਸੇ ਕੇਸ ਸਬੰਧੀ ਪੁਲੀਸ ਨੂੰ ਮਿਲਣ ਲਈ ਥਾਣਾ ਝੰਡੇਰ ਆਏ ਸਨ ਜਦੋਂਕਿ ਉਹ ਮੋਟਰਸਾਈਕਲ ’ਤੇ ਵਾਪਿਸ ਜਾ ਰਹੇ ਸਨ ਤਾਂ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਦੌਰਾਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਇਸ ਘਟਨਾ ਸਬੰਧੀ ਪੁਲੀਸ ਨੇ ਬਣਦੀ ਕਾਰਵਾਈ ਨਹੀਂ ਕੀਤੀ।
ਐੱਸਐੱਚਓ ਦਾ ਪੱਖ
ਇਸ ਮਾਮਲੇ ਸਬੰਧੀ ਜਦੋਂ ਐੱਸਐੱਚਓ ਅਵਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਡੀਐੱਸਪੀ ਅਜਨਾਲਾ ਕਰ ਰਹੇ ਹਨ ਤੇ ਉਨ੍ਹਾਂ ਵੱਲੋਂ ਮਾਮਲੇ ਦੀ ਤਫਤੀਸ਼ ਕਰਕੇ ਜੋ ਵੀ ਰਿਪੋਰਟ ਆਵੇਗੀ ਉਸੇ ਮੁਤਾਬਿਕ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।