ਗੁਰਭੇਜ ਸਿੰਘ ਰਾਣਾ
ਸ੍ਰੀ ਹਰਗੋਬਿੰਦਪੁਰ, 16 ਅਪਰੈਲ
ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਐੱਸਡੀਐੱਮ ਬਟਾਲਾ ਦੀ ਨਿਗਰਾਨੀ ਹੇਠ ਹੋਈ। ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਤੇ ਕਾਦੀਆਂ ਦੇ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਹਾਜ਼ਰ ਸਨ। ਇੱਥੋਂ ਦੇ 11 ਵਾਰਡਾਂ ਵਿੱਚੋਂ ਤਿੰਨ ਕਾਂਗਰਸ, 2 ਅਕਾਲੀ ਦਲ ਤੇ 8 ਆਜ਼ਾਦ ਕੌਂਸਲਰ ਬਣੇ। ਜ਼ਿਕਰਯੋਗ ਚੋਣ ਜਿੱਤਣ ਉਪਰੰਤ ਆਜ਼ਾਦ ਤੇ ਅਕਾਲੀ ਦਲ ਨਾਲ ਸਬੰਧਿਤ ਸਾਰੇ ਹੀ ਉਮੀਦਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਅੱਜ ਸਰਬਸੰਮਤੀ ਨਾਲ ਨਵਦੀਪ ਸਿੰਘ ਪੰਨੂ ਨੂੰ ਨਗਰ ਕੌਂਸਲ ਦਾ ਪ੍ਰਧਾਨ ਅਤੇ ਮੰਜੂ ਖੋਸਲਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਨਵ ਨਿਯੁਕਤ ਪ੍ਰਧਾਨ ਨਵਦੀਪ ਸਿੰਘ ਪੰਨੂ ਅਤੇ ਮੀਤ ਪ੍ਰਧਾਨ ਮੰਜੂ ਖੋਸਲਾ ਤੇ ਸਾਰੇ ਕੌਂਸਲਰਾਂ ਵੱਲੋਂ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਦੇ ਵਿਕਾਸ ਲਈ ਯਤਨਸ਼ੀਲ ਰਹਿਣਗੇ। ਸ੍ਰੀ ਹਰਗੋਬਿੰਦਪੁਰ ਦੀ ਨਗਰ ਕੌਂਸਲ ਵਿੱਚ 60 ਸਾਲ ਪਹਿਲਾਂ 1960 ਵਿੱਚ ਸਿੱਖ ਚਿਹਰਾ ਕਮੇਟੀ ਦਾ ਪ੍ਰਧਾਨ ਬਣਿਆ ਸੀ ਤੇ ਉਸ ਤੋਂ ਬਾਅਦ ਕਦੀ ਵੀ ਸਿੱਖ ਚਿਹਰਾ ਕਮੇਟੀ ਦਾ ਪ੍ਰਧਾਨ ਬਣਨ ਵਿੱਚ ਸਫ਼ਲ ਨਹੀਂ ਹੋ ਸਕਿਆ ਸੀ। ਇਸ ਵਾਰ ਸਿੱਖ ਚਿਹਰਾ ਪ੍ਰਧਾਨ ਬਣਨ ਵਿੱਚ ਸਫਲ ਹੋਇਆ ਹੈ।
ਨਿਗਮ ਦਾ ਮੇਅਰ ਬਣਾਉਣ ਦਾ ਪੇਚ ਫਸਿਆ
ਪਠਾਨਕੋਟ (ਐੱਨਪੀ ਧਵਨ): ਕਾਂਗਰਸ ਪਾਰਟੀ ਅੰਦਰ ਚੱਲ ਰਹੀ ਗੁੱਟਬੰਦੀ ਦੇ ਤਹਿਤ ਪਠਾਨਕੋਟ ਨਗਰ ਨਿਗਮ ਦਾ ਮੇਅਰ ਨਿਯੁਕਤ ਕਰਨ ਉਪਰ ਸਹਿਮਤੀ ਨਾ ਬਣਨ ਤੇ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਬੀਤੀ ਸ਼ਾਮ ਪਠਾਨਕੋਟ ਦਾ ਦੌਰਾ ਕੀਤਾ ਅਤੇ ਇਥੇ ਉਨ੍ਹਾਂ ਪਾਰਟੀ ਦੇ ਹਾਲ ਹੀ ਵਿੱਚ ਜਿੱਤੇ ਕੌਂਸਲਰਾਂ ਨਾਲ ਇਕੱਲੇ-ਇਕੱਲੇ ਕਰਕੇ ਬੰਦ ਕਮਰਾ ਮੀਟਿੰਗ ਕੀਤੀ। ਇਸ ਦੇ ਇਲਾਵਾ ਉਨ੍ਹਾਂ ਸੁਜਾਨਪੁਰ ਨਗਰ ਕੌਂਸਲ ਦੇ ਕਾਂਗਰਸੀ ਕੌਂਸਲਰਾਂ ਦੀ ਵੀ ਰਾਏ ਹਾਸਲ ਕੀਤੀ ਤਾਂ ਜੋ ਸੁਜਾਨਪੁਰ ਨਗਰ ਕੌਂਸਲ ਵਿੱਚ ਵੀ ਪ੍ਰਧਾਨ ਨਿਯੁਕਤ ਕੀਤਾ ਜਾ ਸਕੇ। ਇਸ ਮੌਕੇ ਪਠਾਨਕੋਟ ਦੇ ਵਿਧਾਇਕ ਅਮਿਤ ਵਿਜ, ਵਿਧਾਇਕ ਜੋਗਿੰਦਰ ਪਾਲ, ਯੂਥ ਆਗੂ ਅਸ਼ੀਸ਼ ਵਿਜ, ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ, ਮੁੱਖ ਦਾਅਵੇਦਾਰ ਕਾਰਪੋਰੇਟਰ ਪੰਨਾ ਲਾਲ ਭਾਟੀਆ, ਗੌਰਵ ਵਡੈਹਰਾ ਤੇ ਨਿਤਿਨ ਲਾਡੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਉਨ੍ਹਾਂ ਹਰੇਕ ਦੀ ਰਾਏ ਲੈ ਲਈ ਹੈ ਅਤੇ ਉਹ ਆਪਣੀ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੂੰ ਦੇ ਦੇਣਗੇ। ਰਿਪੋਰਟ ਬਾਅਦ ਹੀ ਹਾਈਕਮਾਂਡ ਮੇਅਰ ਚੁਣਨ ਲਈ ਅਗਲੀ ਤਰੀਕ ਦੀ ਘੋਸ਼ਣਾ ਕਰੇਗੀ।
ਨਗਰ ਕੌਂਸਲ ਚੋਣਾਂ ਸਬੰਧੀ ‘ਆਪ’ ਦੀ ਮੀਟਿੰਗ
ਤਰਨ ਤਾਰਨ (ਪੱਤਰ ਪ੍ਰੇਰਕ) : ਆਮ ਆਦਮੀ ਪਾਰਟੀ ਨੇ ਸਥਾਨਕ ਨਗਰ ਕੌਂਸਲ ਦੀਆਂ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਅਧਿਕਾਰੀਆਂ ਵੱਲੋਂ ਪਾਰਟੀ ਨੂੰ ਵਾਰ-ਵਾਰ ਮੰਗ ਕਰਨ ’ਤੇ ਵੀ ਵਾਰਡਬੰਦੀ ਦੀਆਂ ਲਿਸਟਾਂ ਅਤੇ ਨਕਸ਼ਾ ਮੁਹੱਈਆ ਨਾ ਕਰਵਾਉਣ ਖਿਲਾਫ਼ ਅੱਜ ਇਥੇ ਮੀਟਿੰਗ ਕੀਤੀ ਗਈ। ਪਾਰਟੀ ਦੇ ਸੀਨੀਅਰ ਆਗੂ ਡਾ. ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਉਨ੍ਹਾਂ ਨੇ ਸ਼ਹਿਰ ਦੇ ਵਾਰਡਾਂ ਦੀ ਹੱਦਬੰਦੀ ਅਤੇ ਨਕਸ਼ੇ ਦੀ 15 ਫਰਵਰੀ ਨੂੰ ਲਿਖਤੀ ਪੱਤਰ ਰਾਹੀਂ ਇੱਥੋਂ ਦੇ ਐੱਸਡੀਐੱਮ ਅਤੇ ਕਾਰਜਸਾਧਕ ਅਧਿਕਾਰੀ ਕੋਲੋਂ ਮੰਗ ਕੀਤੀ ਸੀ ਪਰ ਅਧਿਕਾਰੀਆਂ ਵਲੋਂ ਪੱਤਰ ਦਾ ਅੱਜ ਤੱਕ ਵੀ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਅਜਿਹਾ ਸਭ ਕੁਝ ਹਾਕਮ ਧਿਰ ਦੇ ਇਸ਼ਾਰਿਆਂ ’ਤੇ ਕੀਤੇ ਜਾਣ ਦਾ ਦੋਸ਼ ਲਗਾਇਆ| ਆਗੂਆਂ ਨੇ ਚਿਤਾਵਨੀ ਦਿੱਤੀ ਕਿ ਮਸਲਾ ਹੱਲ ਨਾ ਹੋਣ ’ਤੇ ਪਾਰਟੀ ਵਾਲੰਟੀਅਰ ਸਬੰਧਤ ਅਧਿਕਾਰੀਆਂ ਦੇ ਦਫ਼ਤਰ ਘੇਰਨ ਲਈ ਮਜਬੂਰ ਹੋਣਗੇ।