ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 5 ਨਵੰਬਰ
ਪੁਲੀਸ ਨੇ ਜਾਂਚ ਦੌਰਾਨ ਨਾਮਜ਼ਦ ਮੁਲਜਮਾਂ ਕੋਲੋਂ ਕੀਤੀ ਪੁੱਛਗਿੱਛ ਤੋਂ ਬਾਅਦ ਚੋਰੀ ਦੇ ਕੁੱਲ ਛੇ ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਸਬੰਧੀ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਸੁੱਖਾ ਸਿੰਘ ਉਰਫ ਮਲਕੀਤ ਅਤੇ ਮੁੱਖਾ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਹੀ ਪਿੰਡ ਭਿੰਡੀਆਂ ਸੈਦਾਂ ਦੇ ਵਾਸੀ ਹਨ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਏਅਰਪੋਰਟ ਦੀ ਪੁਲੀਸ ਵੱਲੋਂ ਸੁੱਖਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਸੀ। ਜਾਂਚ ਦੌਰਾਨ ਉਸ ਕੋਲੋਂ ਕੀਤੀ ਗਈ ਪੁੱਛਗਿਛ ਤੋਂ ਬਾਅਦ ਉਸੇ ਪਿੰਡ ਦੇ ਮੁੱਖਾ ਸਿੰਘ ਨੂੰ ਕਾਬੂ ਕੀਤਾ ਹੈ ਅਤੇ ਉਸ ਕੋਲੋਂ ਪੰਜ ਹੋਰ ਮੋਟਰਸਾਈਕਲ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਹੁਣ ਤੱਕ ਇਨ੍ਹਾਂ ਕੋਲੋਂ ਚੋਰੀ ਦੇ ਛੇ ਮੋਟਰਸਾਈਕਲ ਬਰਾਮਦ ਕਰ ਚੁੱਕੀ ਹੈ।
ਥਾਣਾ ਏਅਰਪੋਰਟ ਦੀ ਪੁਲੀਸ ਵੱਲੋਂ ਖੋਹ ਕੀਤੀ ਹੋਈ ਕਾਰ ਵੀ ਬਰਾਮਦ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਗ੍ਰਿਫਤਾਰ ਵਿਅਕਤੀਆਂ ਦੀ ਸ਼ਨਾਖਤ ਸੰਦੀਪ ਸਿੰਘ ਉਰਫ ਮੰਗੂ ਅਤੇ ਹਰਪ੍ਰੀਤ ਸਿੰਘ ਵਜੋਂ ਦੱਸੀ ਗਈ ਹੈ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ 27 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੂਜੇ ਨੂੰ ਕੁਝ ਦਿਨ ਬਾਅਦ ਗ੍ਰਿਫਤਾਰ ਕੀਤਾ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੇ ਆਪਣੇ ਇੱਕ ਹੋਰ ਸਾਥੀ ਨਾਲ ਰਲ ਕੇ ਸੁਰਜੀਤ ਸਿੰਘ ਵਾਸੀ ਪਿੰਡ ਤਰਪਲਾ ਕੋਲੋਂ ਉਸ ਦੀ ਕਾਰ ਖੋਹੀ ਸੀ। ਪੁਲੀਸ ਇਨ੍ਹਾਂ ਦੇ ਤੀਜੇ ਸਾਥੀ ਦੀ ਭਾਲ ਕਰ ਰਹੀ ਹੈ।