ਐੱਨਪੀ ਧਵਨ
ਪਠਾਨਕੋਟ, 30 ਅਪਰੈਲ
ਨਰੋਟ ਜੈਮਲ ਸਿੰਘ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਸੁਸਤ ਰਫਤਾਰ ਨਾਲ ਹੋਣ ਕਾਰਨ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਅੱਜ ਮਜ਼ਦੂਰਾਂ ਨੇ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਮਜ਼ਦੂਰਾਂ ਮੰਗਲੂ ਰਾਮ, ਰਾਮੂ, ਵਿਨੋਦ ਕੁਮਾਰ, ਬਿਹਾਰੀ ਲਾਲ ਆਦਿ ਨੇ ਦੱਸਿਆ ਕਿ ਅਨਾਜ ਮੰਡੀ ਵਿੱਚ ਲਿਫਟਿੰਗ ਬਹੁਤ ਸੁਸਤ ਰਫਤਾਰ ਨਾਲ ਹੋਣ ਕਾਰਨ ਉਨ੍ਹਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਇਸ ਨਾਲ ਉਨ੍ਹਾਂ ਦਾ ਖਰਚਾ ਵੀ ਵਧ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅਨਾਜ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਆਪਣੀ ਪੂਰੀ ਫਸਲ ਭੇਜੀ ਜਾ ਚੁੱਕੀ ਹੈ। ਹੁਣ ਅਨਾਜ ਮੰਡੀ ਵਿੱਚ ਮਜ਼ਦੂਰਾਂ ਦਾ ਕੰਮ ਲਗਪਗ ਖਤਮ ਹੋ ਚੁੱਕਿਆ ਹੈ ਪਰ ਜਦ ਤੱਕ ਲਿਫਟਿੰਗ ਪੂਰੀ ਨਹੀਂ ਹੁੰਦੀ ਤਦ ਤੱਕ ਉਹ ਦੂਸਰੀ ਥਾਂ ’ਤੇ ਕੰਮ ’ਤੇ ਨਹੀਂ ਜਾ ਸਕਦੇ। ਆੜ੍ਹਤੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਅੱਜ ਵੀ ਕਈ ਕੁਇੰਟਲ ਅਨਾਜ ਦੀਆਂ ਬੋਰੀਆਂ ਮੰਡੀਆਂ ਵਿੱਚ ਪਈਆਂ ਹਨ, ਜਿਨ੍ਹਾਂ ਦੀ ਲਿਫਟਿੰਗ ਨਹੀਂ ਹੋ ਸਕੀ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੀਆਂ 14 ਮੰਡੀਆਂ ਵਿੱਚੋਂ ਜ਼ਿਆਦਾਤਰ ਵਿੱਚ ਧੀਮੀ ਰਫ਼ਤਾਰ ਨਾਲ ਲਿਫਟਿੰਗ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਪੰਜਾਬ ਵੇਅਰਹਾਊਸ ਦੇ ਇੰਸਪੈਕਟਰ ਕਮਲ ਦਾ ਕਹਿਣਾ ਸੀ ਕਿ ਅਨਲੋਡਿੰਗ ਕਾਰਨ ਕੁੱਝ ਦਿੱਕਤ ਆ ਰਹੀ ਹੈ। ਇਸ ਦੇ ਚਲਦੇ ਕੁੱਝ ਅਨਾਜ ਮੰਡੀਆਂ ਵਿੱਚ ਹਾਲੇ ਲਿਫਟਿੰਗ ਬਾਕੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਸਮੱਸਿਆ ਨੂੰ ਹੱਲ ਕਰ ਦਿੱਤਾ ਜਾਵੇਗਾ।