ਪੱਤਰ ਪ੍ਰੇਰਕ
ਪਠਾਨਕੋਟ, 3 ਅਗਸਤ
ਪਿੰਡ ਅਦਿਆਲ, ਤਰੇਹਟੀ, ਬਾਸਾ, ਇੰਦਰਾ ਕਲੌਨੀ, ਆਦਰਸ਼ ਨਗਰ ਅਤੇ ਨਾਲ ਲੱਗਦੇ ਹੋਰ ਪਿੰਡਾਂ ਵਿੱਚ ਪਿਛਲੇ 15 ਦਿਨਾਂ ਤੋਂ ਬਿਜਲੀ ਦੇ ਲੱਗ ਰਹੇ ਅਣਐਲਾਨੇ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਅੱਜ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੈ ਸ਼ਰਮਾ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਭਾਜਪਾ ਪ੍ਰਧਾਨ ਵਿਜੈ ਸ਼ਰਮਾ, ਘਣਸ਼ਾਮ ਮਹਾਜਨ, ਸੂਰਜ ਕੁਮਾਰ, ਸੰਪੂਰਨ ਸਿੰਘ, ਸੁਦੇਸ਼ ਕੁਮਾਰ, ਬਲਸ਼ੇਰ ਸਿੰਘ, ਮਹਿੰਦਰ ਪਾਲ ਆਦਿ ਨੇ ਰੋਸ ਪ੍ਰਗਟ ਕਰਦੇ ਹੋਏ ਦੱਸਿਆ ਕਿ ਉਕਤ ਪਿੰਡਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੇ ਲਗਾਤਾਰ ਲਗਾਏ ਜਾ ਰਹੇ ਕੱਟਾਂ ਕਾਰਨ ਲੋਕਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਰਾਤ ਸਮੇਂ ਵੀ ਬਿਨਾਂ ਕਾਰਨ ਬਿਜਲੀ ਬੰਦ ਕਰਨ ਨਾਲ ਲੋਕਾਂ ਨੂੰ ਇਸ ਗਰਮੀ ਤੇ ਹੁੰਮਸ ਦੇ ਮੌਸਮ ਵਿੱਚ ਵੀ ਆਰਾਮ ਨਹੀਂ ਮਿਲ ਰਿਹਾ ਹੈ। ਇਸ ਦੇ ਨਾਲ ਹੀ ਬਿਜਲੀ ਕੱਟਾਂ ਕਾਰਨ ਕੰਢੀ ਖੇਤਰ ਦੇ ਦਰਜਨਾਂ ਪਿੰਡਾਂ ਨੂੰ ਪੀਣ ਲਈ ਪਾਣੀ ਵੀ ਨਹੀਂ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪਾਵਰਕੌਮ ਨੂੰ ਬਿਜਲੀ ਦੇ ਭਾਰੀ ਬਿੱਲ ਅਦਾ ਕੀਤੇ ਜਾ ਰਹੇ ਹਨ ਪਰ ਫਿਰ ਵੀ ਬਿਜਲੀ ਦੀ ਰੈਗੂਲਰ ਤੇ ਪੂਰੀ ਵੋਲਟੇਜ ’ਚ ਸਪਲਾਈ ਨਾ ਮਿਲਣਾ ਇੱਕ ਚਿੰਤਾ ਦਾ ਵਿਸ਼ਾ ਹੈ।
ਇਸ ਸਬੰਧ ਵਿੱਚ ਪਾਵਰਕੌਮ ਵਿਭਾਗ ਦੇ ਐੱਸਡੀਓ ਅਸ਼ਵਨੀ ਕੁਮਾਰ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਬਿਜਲੀ ਦੀਆਂ ਲਾਈਨਾਂ ਵਿੱਚ ਕੁੱਝ ਖਰਾਬੀ ਹੋਣ ਕਾਰਨ ਉਪਭੋਗਤਾਵਾਂ ਨੂੰ ਅਸੁਵਿਧਾ ਪੇਸ਼ ਆ ਰਹੀ ਹੈ ਜਿਸ ਨੂੰ ਜਲਦੀ ਹੀ ਠੀਕ ਕਰਵਾ ਦਿੱਤਾ ਜਾਵੇਗਾ।