ਗੁਰਬਖਸ਼ਪੁਰੀ
ਤਰਨ ਤਾਰਨ, 29 ਅਪਰੈਲ
ਜ਼ਿਲ੍ਹੇ ਵਿੱਚ ਕਣਕ ਦੀ ਲਿਫਟਿੰਗ ਦੀ ਸੁਸਤ ਰਫਤਾਰ ਖਰੀਦ ਏਜੰਸੀਆਂ, ਆੜ੍ਹਤੀਆਂ ਅਤੇ ਕਿਸਾਨਾਂ ਲਈ ਸਿਰਦਰਦੀ ਬਣੀ ਹੋਈ ਹੈ| ਪਿੰਡ ਠਰੂ ਸਮੇਤ ਕਈ ਦਾਣਾ ਮੰਡੀਆਂ ਅਜਿਹੀਆਂ ਹਨ ਜਿਥੇ ਅੱਜ ਤੱਕ ਇਕ ਬੋਰੀ ਦੀ ਵੀ ਲਿਫਟਿੰਗ ਨਹੀਂ ਕੀਤੀ ਜਾ ਸਕੀ| ਠਰੂ ਦੀ ਮੰਡੀ ਵਿੱਚੋਂ ਮਾਰਕਫੈੱਡ ਵੱਲੋਂ 28 ਅਪਰੈਲ ਤੱਕ ਜਿਹੜੀ 1800 ਟਨ ਕਣਕ ਖਰੀਦੀ ਗਈ ਸੀ ਉਹ ਸਾਰੀ ਮੰਡੀ ਵਿੱਚ ਪਈ ਹੈ| ਤਰਨ ਤਾਰਨ ਸ਼ਹਿਰ ਦੀ ਮੰਡੀ ਵਿੱਚੋਂ ਐੱਫ਼ਸੀਆਈ ਸਮੇਤ ਹੋਰਨਾਂ ਏਜੰਸੀਆਂ ਵੱਲੋਂ ਖਰੀਦ ਕੀਤੀ 60361 ਟਨ ਕਣਕ ਵਿੱਚੋਂ 42631 ਟਨ ਕਣਕ ਦੀ ਅਜੇ ਲਿਫਟਿੰਗ ਬਾਕੀ ਹੈ| ਇਲਾਕੇ ਦੇ ਪਿੰਡ ਸ਼ੇਰੋਂ ਦੀ ਮੰਡੀ ਵਿੱਚ ਪਨਗਰੇਨ ਵੱਲੋਂ 385 ਟਨ ਦੀ ਖਰੀਦ ਵਿੱਚੋਂ 355 ਟਨ ਕਣਕ ਦੀ ਲਿਫਟਿੰਗ ਨਹੀਂ ਕੀਤੀ ਗਈ ਹੈ| ਪਿੰਡ ਤੂਤ ਸਮੇਤ ਹੋਰਨਾਂ ਦਾਣਾ ਮੰਡੀਆਂ ਵਿੱਚ ਵੀ ਲਿਫਟਿੰਗ ਦੀ ਸਮੱਸਿਆ ਬਣੀ ਹੋਈ ਹੈ| ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਲਿਫਟਿੰਗ ਮਾਮਲੇ ਨੂੰ ਹੱਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ|
ਕਿਸਾਨਾਂ ਵੱਲੋਂ ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਧਰਨਾ
ਫਗਵਾੜਾ (ਪੱਤਰ ਪ੍ਰੇਰਕ): ਇਥੋਂ ਦੀਆਂ ਮੰਡੀਆਂ ’ਚ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਨੇ ਅੱਜ ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਪਿੰਡ ਰਿਹਾਣਾ ਜੱਟਾਂ ਲਾਗੇ ਦੋ ਘੰਟੇ ਦਾ ਜਾਮ ਲਗਾਇਆ। ਇਸੇ ਦੌਰਾਨ ਕੋਈ ਵੀ ਉੱਚ ਅਧਿਕਾਰੀ ਉਨ੍ਹਾਂ ਦੀ ਬਾਤ ਤੱਕ ਪੁੱਛਣ ਨਹੀਂ ਆਇਆ ਜਿਸ ਕਾਰਨ ਕਿਸਾਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਕਰਨਜੀਤ ਸਿੰਘ ਸਿੰਬਲੀ, ਰਵੀ ਕੁਮਾਰ ਰਿਹਾਣਾ ਜੱਟਾਂ, ਵਿਕਰਮਜੀਤ ਸਿੰਘ, ਦੀਪਾ ਬਘਾਣਾ, ਪਰਮਜੀਤ ਸਿੰਘ ਭਬਿਆਣਾ, ਇੰਦਰਜੀਤ ਸਿੰਘ ਮੇਹਟੀਆਣਾ ਆਦਿ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਮੰਡੀਆਂ ’ਚ ਕਣਕ ਰੁਲ ਰਹੀ ਹੈ ਅਤੇ ਨਾ ਤਾਂ ਚੁਕਾਈ ਹੋ ਰਹੀ ਹੈ ਤੇ ਨਾ ਹੀ ਬਾਰਦਾਨਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਅਦਾਇਗੀ ਵੀ ਬਹੁਤ ਲੇਟ ਹੈ। ਇਸੇ ਦੌਰਾਨ ਮਾਰਕੀਟ ਕਮੇਟੀ ਵੱਲੋਂ 16 ਹਜ਼ਾਰ ਬਾਰਦਾਨਾ ਪੁੱਜਣ ਮਗਰੋਂ ਕਿਸਾਨਾਂ ਨੇ ਧਰਨਾ ਸਮਾਪਤ ਕੀਤਾ। ਅੱਜ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਏ.ਡੀ.ਸੀ. ਰਾਜੀਵ ਵਰਮਾ ਤੇ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਏ.ਡੀ.ਸੀ. ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕਰੋਨਾ ਕਾਰਨ ਵਧੇਰੇ ਲੇਬਰ ਪਿੰਡਾਂ ਨੂੰ ਜਾਣ ਕਾਰਨ ਲਿਫਟਿੰਗ ਦੀ ਸਮੱਸਿਆ ਪੇਸ਼ ਆ ਰਹੀ ਹੈ ਜਿਸ ਨੂੰ ਤੁਰੰਤ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੌਲਾਂ ਦੀਆਂ ਸਪੈਸ਼ਲ ਗੱਡੀਆਂ ਲੱਗੀਆਂ ਹੋਣ ਕਾਰਨ ਮੰਡੀਆਂ ’ਚ ਕਣਕ ਦਾ ਕੰਮ ਰੁਕ ਗਿਆ ਸੀ। ਹੁਣ ਸਾਰੀਆਂ ਗੱਡੀਆਂ ਕਣਕ ’ਤੇ ਲਗਵਾ ਦਿੱਤੀਆਂ ਗਈਆਂ ਹਨ ਤੇ ਆੜ੍ਹਤੀਆਂ ਨੂੰ ਪੁਰਾਣੇ ਪਏ ਬਾਰਦਾਨੇ ਨੂੰ ਵੀ ਵਰਤਣ ਦੀ ਹਦਾਇਤ ਕੀਤੀ ਗਈ ਹੈ।