ਪਾਲ ਸਿੰਘ ਨੌਲੀ
ਜਲੰਧਰ, 10 ਜਨਵਰੀ
ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਜ਼ਿਲ੍ਹੇ ਵਿਚ ਅੱਜ ਕਰੋਨਾ ਨਾਲ ਇਕ ਮੌਤ ਹੋ ਗਈ ਜਦੋਂਕਿ 298 ਨਵੇਂ ਪਾਜ਼ੇਟਿਵ ਕੇਸ ਆਏ ਹਨ। ਹੁਣ ਤੱਕ ਕਰੋਨਾ ਨਾਲ 1503 ਮੌਤਾਂ ਹੋ ਚੁੱਕੀਆਂ ਹਨ ਅਤੇ ਪੀੜਤ ਮਰੀਜ਼ਾਂ ਦਾ ਅੰਕੜਾ 65,433 ਤੱਕ ਜਾ ਪੁੱਜਾ ਹੈ।
ਇਸੇ ਦੌਰਾਨ ਅੱਜ ਜਲੰਧਰ ਵਿਚ ਬੂਸਟਰ ਡੋਜ਼ ਲੱਗਣੀ ਸ਼ੁਰੂ ਹੋ ਗਈ ਹੈ। ਚੋਣਾਂ ਵਿਚ ਡਿਊਟੀ ਦੇਣ ਵਾਲੇ ਸਟਾਫ ਨੂੰ ਸਭ ਤੋਂ ਪਹਿਲਾਂ ਵੈਕਸੀਨ ਲਾਈ ਜਾਵੇਗੀ ਤੇ ਉਸ ਤੋਂ ਬਾਅਦ ਫਰੰਟ ਲਾਈਨਰ ਸਟਾਫ ਨੂੰ ਵੈਕਸੀਨ ਲੱਗੇਗੀ। ਇਸ ਤੋਂ ਬਾਅਦ 60 ਸਾਲ ਤੋਂ ਉੱਪਰ ਉਮਰ ਵਾਲੇ ਲੋਕਾਂ ਨੂੰ ਵੈਕਸੀਨ ਲੱਗੇਗੀ। ਅੱਜ ਸਿਵਲ ਹਸਪਤਾਲ ਵੈਕਸੀਨ ਲਗਵਾਉਣ ਵਾਲਿਆਂ ਦੀ ਭੀੜ ਲੱਗੀ ਰਹੀ। ਡੀਸੀ ਘਨਸ਼ਿਆਮ ਥੋਰੀ ਨੇ ਵੀ ਇਹ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਚੋਣਾਂ ’ਤੇ ਡਿਊਟੀ ਦੇਣ ਵਾਲੇ ਅਧਿਕਾਰੀਆਂ ਨੂੰ ਕਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗਣੀਆਂ ਹੋਣੀਆਂ ਜ਼ਰੂਰੀ ਹਨ। ਅੱਜ ਠੰਢ ਦੇ ਬਾਵਜੂਦ ਲੋਕ ਵੱਡੀ ਗਿਣਤੀ ਵਿਚ ਸਿਵਲ ਹਸਪਤਾਲ ਵੈਕਸੀਨ ਲਵਾਉਣ ਲਈ ਪਹੁੰਚੇ ਹੋਏ ਸਨ।
ਪਠਾਨਕੋਟ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ 290 ਜਣਿਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੌਰਾਨ 72 ਜਣੇ ਕਰੋਨਾ ਤੋਂ ਮੁਕਤ ਹੋ ਕੇ ਘਰਾਂ ਨੂੰ ਚਲੇ ਗਏ ਹਨ। ਮੌਜੂਦਾ ਸਮੇਂ ਵਿੱਚ ਜ਼ਿਲ੍ਹਾ ਪਠਾਨਕੋਟ ਅੰਦਰ 1314 ਕੋਵਿਡ ਦੇ ਐਕਟਿਵ ਕੇਸ ਹਨ। ਐੱਸਐੱਮਓ ਡਾ. ਰਾਕੇਸ਼ ਸਰਪਾਲ ਨੇ ਦੱਸਿਆ ਕਿ ਸਿਵਲ ਹਸਪਤਾਲ ਪਠਾਨਕੋਟ ਵਿੱਚ 60 ਤੋਂ ਵੱਧ ਉਮਰ ਦੇ, ਸਿਹਤ ਮੁਲਾਜ਼ਮਾਂ ਅਤੇ ਫਰੰਟ ਲਾਈਨ ਵਰਕਰਾਂ ਨੂੰ ਬੂਸਟਰ ਡੋਜ਼ ਲੱਗਣੀ ਸ਼ੁਰੂ ਹੋ ਗਈ ਹੈ।
ਤਰਨ ਤਾਰਨ (ਪੱਤਰ ਪ੍ਰੇਰਕ): ਜ਼ਿਲ੍ਹੇ ਅੰਦਰ ਅੱਜ ਕੋਵਿਡ-19 ਦੇ 48 ਪਾਜ਼ੇਟਿਵ ਕੇਸ ਆਏ ਹਨ| ਸਿਹਤ ਵਿਭਾਗ ਵੱਲੋਂ ਕਰੋਨਾ ਵਾਇਰਸ ’ਤੇ ਕਾਬੂ ਪਾਉਣ ਲਈ ਸਿਹਤ ਕਾਮਿਆਂ, ਫਰੰਟਲਾਈਨ ਵਰਕਰਾਂ ਨੂੰ ਅੱਜ ਤੋਂ ਬੂਸਟਰ ਡੋਜ਼ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ| ਡੀਸੀ ਕੁਲਵੰਤ ਸਿੰਘ ਨੇ ਖ਼ੁਦ ਬੂਸਟਰ ਡੋਜ਼ ਲਗਵਾ ਕੇ ਇਸ ਸੀ ਸ਼ੁਰੂਆਤ ਕੀਤੀ| ਅਧਿਕਾਰੀ ਨੇ ਲੋਕਾਂ ਨੂੰ ਆਪਣੇ 15 ਤੋਂ 18 ਸਾਲ ਦੇ ਬੱਚਿਆਂ ਦੀ ਵੈਕਸੀਨੇਸ਼ਨ ਕਰਵਾਉਣ ਲਈ ਵੀ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਦੋ ਦਰਜਨ ਰੈਜ਼ੀਡੈਂਟ ਡਾਕਟਰ ਨੂੰ ਕਰੋਨਾ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਜ਼ਿਲ੍ਹੇ ਵਿਚ ਅੱਜ 242 ਹੋਰ ਨਵੇਂ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਹੁਣ ਤਕ ਜ਼ਿਲ੍ਹੇ ਵਿਚ ਕਰੋਨਾ ਪੀੜਤਾਂ ਅਤੇ ਇਲਾਜ ਅਧੀਨ ਕਰੋਨਾ ਮਰੀਜ਼ਾਂ ਦੀ ਗਿਣਤੀ 1430 ਹੋ ਗਈ ਹੈ। ਹੁਣ ਤਕ 1600 ਮਰੀਜ਼ਾਂ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ। ਕਰੋਨਾ ਦੀ ਤੀਜੀ ਲਹਿਰ ਦੌਰਾਨ ਅਚਨਚੇਤੀ ਕਰੋਨਾ ਪੀੜਤਾਂ ਦੀ ਗਿਣਤੀ ਵਿਚ ਹੋਏ ਵਾਧੇ ਦੌਰਾਨ ਸਿਹਤ ਕਾਮੇ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ। ਸਰਕਾਰੀ ਮੈਡੀਕਲ ਕਾਲਜ ਵਿਚ ਪੜ੍ਹ ਅਤੇ ਕੰਮ ਕਰ ਰਹੇ ਕਈ ਜੂਨੀਅਰ ਰੈਜ਼ੀਡੈਂਟ ਡਾਕਟਰ ਵੀ ਕਰੋਨਾ ਦੀ ਲਪੇਟ ਵਿਚ ਆ ਗਏ ਹਨ। ਕਰੋਨਾ ਦੀ ਲਪੇਟ ਵਿਚ ਆਏ ਸਿਹਤ ਕਾਮਿਆਂ ਵਿਚੋਂ ਵਧੇਰੇ ਜੂਨੀਅਰ ਰੈਜ਼ੀਡੈਂਟ ਡਾਕਟਰ ਹਨ, ਜੋ ਸਿੱਧੇ ਤੌਰ ’ਤੇ ਮਰੀਜ਼ਾਂ ਨਾਲ ਜੁੜੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੋਸਟਲ ਵਿਚ ਰਹਿ ਰਹੇ ਇਨ੍ਹਾਂ ਡਾਕਟਰਾਂ ਵਿਚੋਂ ਲਗਪਗ ਦੋ ਦਰਜਨ ਕਰੋਨਾ ਤੋਂ ਪ੍ਰਭਾਵਿਤ ਹੋਏ ਹਨ ਪਰ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਇਨ੍ਹਾਂ ਦੇ ਪ੍ਰਭਾਵਿਤ ਹੋਣ ਪਿੱਛੇ ਇਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਕੋਲ ਇਕਾਂਤਵਾਸ ਦੌਰਾਨ ਠਹਿਰਨ ਲਈ ਕੋਈ ਵੱਖਰੀ ਥਾਂ ਨਹੀਂ ਹੈ। ਹੁਣ ਹਸਪਤਾਲ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਅਮਲੇ ਲਈ ਇੱਥੇ ਗੈਸਟ ਹਾਊਸ ਦੇ ਕੁਝ ਕਮਰੇ ਰਾਖਵੇਂ ਕਰ ਦਿੱਤੇ ਗਏ ਹਨ।
ਬਟਾਲਾ ਦੇ ਐੱਸਐੱਸਪੀ ਅਤੇ ਐੱਸਪੀ ਕਰੋਨਾ ਪਾਜ਼ੇਟਿਵ
ਬਟਾਲਾ (ਖੇਤਰੀ ਪ੍ਰਤੀਨਿਧ): ਕਰੋਨਾ ਦੀ ਤੀਜੀ ਲਹਿਰ ਨੇ ਐੱਸਐੱਸਪੀ ਬਟਾਲਾ ਦੇ ਦਫ਼ਤਰ ਵਿੱਚ ਵੀ ਪੈਰ ਪਸਾਰ ਲਏ ਹਨ। ਐੱਸਐੱਸਪੀ ਦਫ਼ਤਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਟਾਲਾ ਪੁਲੀਸ ਦੇ ਦੋ ਵੱਡੇ ਅਧਿਕਾਰੀਆਂ ਸਣੇ 2-3 ਹੋਰ ਕਰਮਚਾਰੀ ਵੀ ਕਰੋਨਾ ਪਾਜ਼ੇਟਿਵ ਹਨ। ਕਰੋਨਾ ਪਾਜ਼ੇਟਿਵ ਹੋਣ ਵਾਲੇ ਅਧਿਕਾਰੀਆਂ ਵਿੱਚ ਐੱਸਐੱਸਪੀ ਬਟਾਲਾ ਗੌਰਵ ਤੂਰਾ ਅਤੇ ਐੱਸਪੀ ਹੈੱਡਕੁਆਟਰ ਗੁਰਪ੍ਰੀਤ ਸਿੰਘ ਗਿੱਲ ਸ਼ਾਮਿਲ ਹਨ। ਕਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਣ ’ਤੇ ਦੋਵਾਂ ਅਧਿਕਾਰੀਆਂ ਨੇ ਪਬਲਿਕ ਮੀਟਿੰਗਾਂ ਬੰਦ ਕਰ ਕੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ। ਜਾਣਕਾਰੀ ਅਨੁਸਾਰ ਦੋਵਾਂ ਅਧਿਕਾਰੀਆਂ ਨੂੰ ਖੰਘ-ਜੁਕਾਮ ਦੀ ਸ਼ਿਕਾਇਤ ਸੀ। ਟੈਸਟ ਕਰਵਾਉਣ ’ਤੇ ਰਿਪੋਰਟ ਪਾਜ਼ੇਟਿਵ ਆਈ ਹੈ।