ਗੁਰਬਖਸ਼ਪੁਰੀ
ਤਰਨ ਤਾਰਨ, 28 ਮਈ
ਸੂਬਾ ਸਰਕਾਰ ਵਲੋਂ ਸੁੱਕਾ ਚਾਰਾ (ਤੂੜੀ) ਨੂੰ ਇੱਟਾਂ ਦੇ ਭੱਠਿਆਂ ਵਿੱਚ ਬਾਲਣ ਦੇ ਤੌਰ ’ਤੇ ਲਗਾਈ ਪਾਬੰਦੀ ਨੂੰ ਪੂਰੀ ਤਰ੍ਹਾਂ ਨਾਲ ਦਰਕਿਨਾਰ ਕਰਦਿਆਂ ਇਲਾਕੇ ਦੇ ਕਈ ਭੱਠਿਆਂ ਵਾਲਿਆਂ ਵੱਲੋਂ ਸਰਕਾਰੀ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ| ਭੱਠਿਆਂ ਵਾਲਿਆਂ ਦਾ ਤਰਕ ਹੈ ਕਿ ਤੂੜੀ ਦੀ ਵਰਤੋਂ ਕਰਨ ਨਾਲ ਕੋਲਾ ਛੇਤੀ ਅੱਗ ਫੜਦਾ ਹੈ| ਇਸ ਦੇ ਨਾਲ ਹੀ ਕੋਲੇ ਦੇ ਜ਼ਿਆਦਾ ਮਹਿੰਗਾ ਹੋਣ ਕਰਕੇ ਪੈਸੇ ਦੀ ਵੀ ਬਚਤ ਹੁੰਦੀ ਹੈ| ਤਰਨ ਤਾਰਨ-ਗੋਇੰਦਵਾਲ ਸਾਹਿਬ ਸੜਕ ’ਤੇ ਪਿੰਡ ਕੱਲ੍ਹਾ ਦੇ ਇੱਕ ਭੱਠੇ ਨੂੰ ਮਾਲਕਾਂ ਨੇ ਅੰਦਰ-ਬਾਹਰ ਤੋਂ ਤੂੜੀ ਨਾਲ ਭਰਿਆ ਹੋਇਆ ਹੈ| ਭੱਠੇ ਦੇ ਕਰਿੰਦੇ ਮੁਨਸ਼ੀ ਰਾਕੇਸ਼ ਕੁਮਾਰ ਨੇ ਕਿਹਾ ਕਿ ਤੂੜੀ ਦੀ ਵਰਤੋਂ ਕਰਨਾ ਮਾਲਕਾਂ ਦੀ ਮਜਬੂਰੀ ਹੈ| ਇਸ ਬੇਨਿਯਮੀ ਦੀ ਰੋਕਥਾਮ ਕਰਨ ਲਈ ਜਿਥੇ ਸਿਵਲ ਪ੍ਰਸ਼ਾਸਨ ਘੂਕ ਸੁੱਤਾ ਪਿਆ ਹੈ, ਉਥੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਖੇਤੀਬਾੜੀ ਵਿਭਾਗ ਆਦਿ ਦੇ ਅਧਿਕਾਰੀ ਵੀ ਅਵੇਸਲੇ ਬਣੇ ਬੈਠੇ ਹਨ| ਮੁੱਖ ਖੇਤੀਬਾੜੀ ਅਧਿਕਾਰੀ ਜਗਵਿੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੀ ਗੱਲ ਨਾ ਕਿਧਰੇ ਦੇਖੀ ਹੈ ਅਤੇ ਨਾ ਹੀ ਸੁਣੀ ਹੈ| ਡਿਪਟੀ ਕਮਿਸ਼ਨਰ ਮੋਨਿਸ਼ ਕੁਮਾਰ ਨੇ ਕਿਹਾ ਉਹ ਇਸ ਸਬੰਧੀ ਚੈੱਕ ਕਰਕੇ ਹੀ ਕੁਝ ਆਖ ਸਕਦੇ ਹਨ|