ਗੁਰਬਖਸ਼ਪੁਰੀ
ਤਰਨ ਤਾਰਨ, 16 ਮਾਰਚ
ਇਥੋਂ ਦਾ ਜ਼ਿਲ੍ਹਾ ਪੇਂਡੂ ਵਿਕਾਸ ਭਵਨ ਇਕ ਤਰ੍ਹਾਂ ਨਾਲ ਸਿਰਫ਼ ਆਵਾਰਾ ਪਸ਼ੂਆਂ ਲਈ ਸੁਰੱਖਿਅਤ ਠਿਕਾਣਾ ਬਣ ਕੇ ਰਹਿ ਗਿਆ ਹੈ| ਇਸ ਭਵਨ ਵਿੱਚ ਪੰਚਾਇਤ ਵਿਭਾਗ ਨਾਲ ਸਬੰਧਤ ਜ਼ਿਲ੍ਹਾ ਪੱਧਰ ਦੇ ਕਈ ਦਫ਼ਤਰਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਫ਼ਤਰ ਆਦਿ ਕੰਮ ਕਰਦੇ ਹਨ, ਜਿਥੇ ਦਿਨ ਭਰ ਆਵਾਜਾਈ ਬਣੀ ਰਹਿੰਦੀ ਹੈ| ਇਸ ਕੰਪਲੈਕਸ ਦੇ ਅੰਦਰ ਪ੍ਰਦੇਸ਼ਿਕ ਦਿਹਾਤੀ ਸੰਸਥਾ ਵੱਲੋਂ ਕਰੀਬ ਛੇ ਸਾਲ ਪਹਿਲਾਂ ਤਰਨ ਤਾਰਨ ਬਲਾਕ ਦੇ ਰਿਸੋਰਸ ਪਰਸਨ ਨੂੰ ਸਿਖਲਾਈ ਦੇਣ ਲਈ ਕੇਂਦਰ ਬਣਾਉਣ ਲਈ ਗਰਾਂਟ ਜਾਰੀ ਕੀਤੀ ਸੀ ਪਰ ਇਸ ਇਮਾਰਤ ਦੀ ਉਸਾਰੀ ਅੱਜ ਤੱਕ ਮੁਕੰਮਲ ਨਹੀਂ ਹੋ ਸਕੀ| ਇਸ ਕੇਂਦਰ ਵਿੱਚ ਵਧੀਆ ਦਰਜੇ ਦਾ ਸਾਜੋ-ਸਾਮਾਨ ਫਿੱਟ ਕੀਤਾ ਜਾਣਾ ਸੀ| ਹੁਣ ਇਸ ਕੇਂਦਰ ਦੀ ਹਾਲਤ ਇਹ ਹੈ ਕਿ ਇਸ ਕੇਂਦਰ ਦੇ ਬੂਹੇ-ਬਾਰੀਆਂ ਆਦਿ ਤੱਕ ਵੀ ਨਹੀਂ ਲਗ ਸਕੀਆਂ ਹਨ| ਇਸੇ ਕਰਕੇ ਇਮਾਰਤ ਅੰਦਰ ਆਵਾਰਾ ਪਸ਼ੂ ਰਾਤ-ਦਿਨ ਵੜੇ ਰਹਿੰਦੇ ਹਨ| ਤਿੰਨ ਮੰਜ਼ਿਲਾਂ ਇਸ ਇਮਾਰਤ ਦੇ ਪਖਾਨਾ ਘਰਾਂ ਦੀ ਹਾਲਤ ਪੂਰੀ ਤਰ੍ਹਾਂ ਨਾਲ ਨਿੱਘਰ ਚੁੱਕੀ ਹੈ, ਜਿਸ ਦੀਆਂ ਟੂਟੀਆਂ ਤੱਕ ਵੀ ਕੰਮ ਨਹੀਂ ਕਰਦੀਆਂ| ਇਥੇ ਕੰਮ ਕਰਦੇ ਕਰਮਚਾਰੀਆਂ ਨੇ ਦੱਸਿਆ ਕਿ ਇਮਾਰਤ ਅੰਦਰ ਸਥਿਤ ਦਫ਼ਤਰਾਂ ਦੀ ਸਫ਼ਾਈ ਆਦਿ ਲਈ ਲੋੜੀਂਦੇ ਮੁਲਾਜ਼ਮਾਂ ਦੀ ਸਖ਼ਤ ਘਾਟ ਹੈ| ਇਮਾਰਤ ਦੇ ਗੇਟ ’ਤੇ ਗੇਟਮੈਨ ਤੱਕ ਵੀ ਨਹੀਂ ਹੈ, ਜਿਸ ਕਰਕੇ ਆਵਾਰਾ ਪਸ਼ੂ ਇਮਾਰਤ ਦੇ ਅੰਦਰ ਵੜਦੇ ਹਨ| ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਜੀਤ ਕੌਰ ਨੇ ਵਿਭਾਗ ਦਾ ਪੱਖ ਦੇਣ ਲਈ ਮੋਬਾਈਲ ’ਤੇ ਕੋਈ ਹੁੰਗਾਰਾ ਤੱਕ ਨਹੀਂ ਦਿੱਤਾ|