ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 27 ਦਸੰਬਰ
ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਸੱਦੇ ਤਹਿਤ ਅੱਜ ਇਥੇ ਮਾਝੇ ਦੇ ਵੱਖ ਵੱਖ ਜ਼ਿਲਿਆਂ ਵਿਚ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਵਲੋਂ ਥਾਲੀਆਂ ਖੜਕਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਕੀਤੀ ਗਈ ‘ਮਨ ਕੀ ਬਾਤ’ ਦਾ ਵਿਰੋਧ ਕੀਤਾ ਗਿਆ ਹੈ। ਵੱਖ ਵੱਖ ਥਾਵਾਂ ਤੇ ਥਾਲੀਆਂ ਖੜਕਾਉਣ ਦਾ ਇਹ ਸਿਲਸਿਲਾ ਉਨੀ ਦੇਰ ਜਾਰੀ ਰਿਹਾ, ਜਿੰਨੀ ਦੇਰ ਪ੍ਰਧਾਨ ਮੰਤਰੀ ਦਾ ਭਾਸ਼ਣ ਚਲ ਰਿਹਾ ਸੀ। ਇਸ ਮੌਕੇ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਥਾਲੀਆਂ ਖੜਕਾਉਂਦੇ ਹੋਏ ਮੋਦੀ ਸਰਕਾਰ ਮੁਰਦਾਬਾਦ ਅਤੇ ਕਾਲੇ ਕਾਨੂੰਨ ਵਾਪਸ ਲਉ ਦੇ ਨਾਅਰੇ ਵੀ ਲਾਏਉਂ ਇਸ ਦੌਰਾਨ ਸ਼ਹਿਰੀ ਇਲਾਕੇ ਦੇ ਲੋਕਾਂ ਨੇ ਖਾਲਸਾ ਕਾਲਜ ਮਹਿਲਾ ਨੇੜੇ ਇਕਠੇ ਹੋ ਕੇ ਮੋਦੀ ਸਰਕਾਰ ਖਿਲਾਫ ਥਾਲੀਆਂ ਖੜਕਾ ਕੇ ਪ੍ਰਦਰਸ਼ਨ ਕੀਤਾ। ਥਾਲੀਆਂ ਖੜਕਾਉਣ ਵਾਲਿਆਂ ਵਿਚ ਨੌਜਵਾਨ ਅਤੇ ਔਰਤਾਂ ਵੀ ਸ਼ਾਮਲ ਸਨ। ਸਰਹੱਦੀ ਪਿੰਡ ਦਾਉਕੇ, ਮੁਹਾਵਾ, ਹਰਦੋ ਰਤਨ, ਲਾਹੋਰੀ ਮਲ , ਨਗਰ ਤੇ ਹੋਰ ਪਿੰਡਾਂ ਵਿਚ ਲੋਕਾਂ ਨੇ ਥਾਲੀਆਂ ਖੜਕਾਈਆਂ ਞਹਂਟਾ। ਉਨ੍ਹਾਂ ਦੰਸਿਆ ਕਿ ਕਈ ਥਾਵਾਂ ਤੇ ਲੋਕਾਂ ਨੇ ਘਰਾਂ ਵਿਚ ਥਾਲੀਆਂ ਖੜਕਾਈਆਂ।
ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪੇ੍ਰਕ): ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਦੇ ਵਿਰੋਧ ਵਿੱਚ ਅੱਜ ਜਮਹੂਰੀ ਕਿਸਾਨ ਸਭਾ ਦੇ ਆਗੂ ਰੇਸ਼ਮ ਸਿੰਘ ਫੈਲੋਕੇ, ਜੰਗਬਹਾਦਰ ਸਿੰਘ ਤੁੜ, ਕਰਮ ਸਿੰਘ ਫਤਿਹਾਬਾਦ ਦੀ ਅਗਵਾਈ ਵਿਚ ਫਤਿਹਾਬਾਦ ਦੇ ਬਾਜ਼ਾਰ ਵਿੱਚ ਪ੍ਰਦਰਸ਼ਨ ਕੀਤਾ ਗਿਆ।
ਭਿੱਖੀਵਿੰਡ (ਨਰਿੰਦਰ ਸਿੰਘ): ਹਲਕਾ ਖਡੂਰ ਸਾਹਿਬ ਵਿਚ ਅੱਜ ਕਿਸਾਨ ਆਗੂ ਬਲਦੇਵ ਸਿੰਘ ਪੰਡੋਰੀ ਅਤੇ ਬਲਦੇਵ ਸਿੰਘ ਭੈਲ ਦੀ ਅਗਵਾਈ ਵਿਚ ਭਾਰੀ ਗਿਣਤੀ ਵਿਚ ਇਕੱਤਰ ਹੋਏ ਕਿਸਾਨਾਂ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ ਵਿਰੋਧ ਥਾਲੀਆਂ ਖੜਕਾ ਕੇ ਕੀਤਾ।
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਇਥੇ ਕਿਸਾਨਾਂ, ਮਜਦੂਰਾਂ ਨੇ ਮੋਦੀ ਦੀ ਮਨ ਦੀ ਬਾਤ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਥਾਲੀਆਂ ਖੜਕਾ ਕੇ ਵਿਰੋਧ ਕੀਤਾ। ਅੱਜ ਆਦਮਪੁਰ ਦੇ ਮੁੱਖ ਮਾਰਗ ’ਤੇ ਥਾਲੀਆਂ ਖੜ੍ਹਕਾ ਕੇ ਰੋਸ ਪ੍ਰਗਟਾ ਕੀਤਾ ਤੇ ਅਲਾਵਲਪੁਰ ਚੌਂਕ ਵਿਚ ਪ੍ਰਦਰਸ਼ਨ ਕੀਤਾ ਗਿਆ।
ਅਟਾਰੀ (ਪੱਤਰ ਪੇ੍ਰਕ): ‘ਮਨ ਕੀ ਬਾਤ’ ਪ੍ਰੋਗਰਾਮ ਦੇ ਵਿਰੋਧ ਵਿੱਚ ਅੱਜ ਸਰਹੱਦੀ ਪਿੰਡਾਂ ਦੇ ਕਿਸਾਨਾਂ ਨੇ ਥਾਲੀਆਂ ਖੜਕਾ ਕੇ ਆਵਾਜ਼ ਬੁਲੰਦ ਕੀਤੀ। ਵੱਖ-ਵੱਖ ਕਿਸਾਨ ਆਗੂਆਂ ਗੁਰਨਾਮ ਸਿੰਘ ਦਾਉਕੇ, ਪ੍ਰੇਮ ਸਿੰਘ ਭਰੋਭਾਲ, ਮਨਜੀਤ ਸਿੰਘ ਸਰਪੰਚ ਖਾਸਾ, ਬਾਬਾ ਅਰਜਨ ਸਿੰਘ, ਸੁਖਵਿੰਦਰ ਸਿੰਘ, ਮੁਖਤਾਰ ਸਿੰਘ ਮੁਹਾਵਾ, ਮਾਨ ਸਿੰਘ ਮੁਹਾਵਾ ਆਦਿ ਨੇ ਰੋਸ ਪ੍ਰਗਟ ਕੀਤਾ।
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਇਥੇ ਕਿਰਤੀ ਕਿਸਾਨ ਯੂਨੀਅਨ ਆਗੂ ਕੁਲਵਿੰਦਰ ਚਾਹਲ,ਪਿਆਰਾ ਸਿੰਘ ਚੱਕ ਫੁੱਲੂ ਤੇ ਹਿੰਮਤ ਸਿੰਘ ਚੱਕ ਸਿੰਘਾ ਦੀ ਅਗਵਾਈ ਹੇਠ ਗੁਰਦਿੱਤ ਸਿੰਘ ਪਾਰਕ ’ਚ ਇਕੱਤਰ ਹੋ ਕੇ ਨੰਗਲ ਚੌਕ ’ਚ ਤਕਰੀਬਨ ਇੱਕ ਘੰਟਾ ਥਾਲੀਆ ਖੜਕਾ ਕੇ ਮੋਦੀ ਦੀ ਮਨ ਕੀ ਬਾਤ ਜ਼ਬਰਦਸਤ ਵਿਰੋਧ ਕੀਤਾ ਗਿਆ।
ਪਠਾਨਕੋਟ (ਪੱਤਰ ਪੇ੍ਰਕ): ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਕਿਸਾਨ ਆਗੂ ਗੁਰਦਿਆਲ ਸਿੰਘ ਸੈਣੀ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਦਾ ਵਿਰੋਧ ਤਾੜੀਆਂ ਤੇ ਥਾਲੀਆਂ ਵਜਾ ਕੇ ਕੀਤਾ। ਇਸ ਐਕਸ਼ਨ ਵਿੱਚ ਮੰਗਤ ਸਿੰਘ, ਇਕਬਾਲ ਸਿੰਘ, ਦਲਜੀਤ ਸਿੰਘ ਐਸਡੀਓ, ਗੁਰਦੇਵ ਸਿੰਘ, ਸੁਦੇਸ਼ ਸਿੰਘ, ਮੱਖਣ ਸਿੰਘ ਆਦਿ ਸ਼ਾਮਲ ਸਨ।
‘ਮਨ ਕੀ ਬਾਤ’ ਪ੍ਰੋਗਰਾਮ ਖ਼ਤਮ ਹੋਣ ਤਕ ਥਾਲੀਆਂ ਦੀ ਆਵਾਜ਼ ਨਾਲ ਗੂੰਜਦਾ ਰਿਹਾ ਜਲੰਧਰ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ਤੋਂ ਅੱਕੇ ਕਿਸਾਨਾਂ ਤੇ ਮਜ਼ਦੂਰਾਂ ਨੇ ਥਾਲੀਆਂ ਖੜਾ ਕੇ ਪ੍ਰੋਗਰਾਮ ਦਾ ਤਿੱਖਾ ਵਿਰੋਧ ਕੀਤਾ। ਲੋਕਾਂ ਵੱਲੋਂ ਖੜਕਾਈਆਂ ਥਾਲੀਆਂ ਦੀ ਅਵਾਜ਼ ਏਨੀ ਬੁਲੰਦ ਸੀ ਜਿਸ ਨਾਲ ਪ੍ਰਧਾਨ ਮੰਤਰੀ ਵੱਲੋਂ ਕੀਤੀ ਜਾ ਰਹੀ ਹੈ ‘ਮਨ ਕੀ ਬਾਤ’ ਇਸ ਦੇ ਹੇਠਾਂ ਦੱਬ ਕੇ ਰਹਿ ਗਈ। ਆਲ ਇੰਡੀਆ ਰੇਡੀਓ ’ਤੇ ਜਿਉਂ ਹੀ ਪ੍ਰਧਾਨ ਮੰਤਰੀ ਦਾ ‘ਮਨ ਕੀ ਬਾਤ’ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਤੇ ਪਿੰਡਾਂ ਅਤੇ ਸ਼ਹਿਰਾਂ ਦੇ ਆਮ ਲੋਕਾਂ ਨੇ ਸੜਕਾਂ ’ਤੇ ਨਿਕਲ ਥਾਲੀਆਂ ਖੜਕਾਉਣੀਆਂ ਸ਼ੁਰੂ ਕਰ ਦਿੱਤੀਆਂ। ਲੋਕ ਓਨਾ ਚਿਰ ਥਾਲੀਆਂ ਖੜਕਾਉਂਦੇ ਰਹੇ ਜਿੰਨਾ ਚਿਰ ਮੋਦੀ ਆਪਣੀ ਮਨ ਕੀ ਬਾਤ ਕਰਦਾ ਰਿਹਾ। ਜਲੰਧਰ ਸ਼ਹਿਰ ਦੇ ਮਾਡਲ ਟਾਊਨ ਇਲਾਕੇ ਦੇ ਲੋਕਾਂ ਨੇ ਥਾਲੀਆਂ ਖੜਕਾਈਆਂ, ਇਸਤਰੀ ਜਾਗ੍ਰਤੀ ਮੰਚ ਵੱਲੋਂ ਸ਼ਹਿਰ ਦੇ ਕੰਪਨੀ ਬਾਗ ਚੌਕ ਵਿੱਚ ਥਾਲੀਆਂ ਖੜਕਾਈਆਂ। ਇਸੇ ਤਰ੍ਹਾਂ ਲੋਹੀਆਂ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੇ ਸੜਕਾਂ ’ਤੇ ਆ ਕੇ ਭਾਂਡੇ ਖੜਕਾਏ। ਨਕੋਦਰ ਅਤੇ ਮਹਿਤਪੁਰ ਕਸਬੇ ਦੇ ਵੱਖ ਵੱਖ ਪਿੰਡਾਂ ਵਿੱਚ ਮੋਦੀ ਦੀ ‘ਮਨ ਕੀ ਬਾਤ’ ਸੁਣਨ ਤੋਂ ਅੱਕੇ ਲੋਕਾਂ ਨੇ ਵੱਖ ਵੱਖ ਪਿੰਡਾਂ ਵਿੱਚ ਥਾਲ਼ੀਆਂ ਖ਼ੜਕਾ ਕੇ ਆਪਣੀ ਮਨ ਕੀ ਬਾਤ ਸੁਣਾਈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬੀਬੀ ਸੁਰਜੀਤ ਕੌਰ ਮਾਨ ਅਤੇ ਇਸਤਰੀ ਜਾਗ੍ਰਿਤੀ ਮੰਚ ਦੇ ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ ਦੀ ਅਗਵਾਈ ਹੇਠ ਪਿੰਡ ਉਧੋਵਾਲ ਤੋਂ ਦਿੱਲੀ ਮੋਰਚੇ ਵਿੱਚ ਸ਼ਮੂਲੀਅਤ ਕਰਨ ਬੀਬੀਆਂ ਦੇ ਜਥੇ ਨੇ ਪਿੰਡ ਉਧੋਵਾਲ ਤੋਂ ਥਾਲ਼ੀਆਂ ਖ਼ੜਕਾ ਕੇ ਦਿੱਲੀ ਵੱਲ ਰਵਾਨਗੀ ਪਾਈ। ਇਸੇ ਤਰ੍ਹਾਂ ਜ਼ਿਲ੍ਹੇ ਦੇ ਲਗਪਗ ਸਾਰੇ ਪਿੰਡਾਂ ਵਿੱਚ ਇਕੱਠੇ ਹੋਏ ਕਿਸਾਨਾਂ-ਮਜ਼ਦੂਰਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਮੋਦੀ ਦੀ ‘ਮਨ ਕੀ ਬਾਤ’ ਦਾ ਵਿਰੋਧ ਕਰਦਿਆਂ ਥਾਲ਼ੀਆਂ ਖ਼ੜਕਾਈਆਂ।
ਭਾਂਡੇ ਖੜਕਾ ਕੇ ਮੋਦੀ ਸਰਕਾਰ ਖ਼ਿਲਾਫ਼ ਕੱਢੀ ਭੜਾਸ
ਮਾਨਸਰ (ਪੱਤਰ ਪੇ੍ਰਕ): ਨੇੜਲੇ ਪਿੰਡ ਹਿਯਾਤਪੁਰ ‘ਚ ਅੱਜ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ਦਾ ਥਾਲੀਆਂ ਤੇ ਹੋਰ ਭਾਂਡੇ ਖੜਕਾ ਕੇ ਵਿਰੋਧ ਕੀਤਾ ਗਿਆ। ਇਸ ਸਮੇਂ ਪਿੰਡ ਵਾਸੀਆਂ ਨੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ’ਤੇ ਕੀਤਾ ਮੁਜ਼ਾਹਰਾ
ਗੁਰਦਾਸਪੁਰ (ਜਤਿੰਦਰ ਬੈਂਸ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਲੋਕਾਂ ਨੇ ਖਾਲੀ ਭਾਂਡੇ ਖੜਕਾ ਕੇ ਆਪਣਾ ਰੋਸ ਜਤਾਇਆ ਅਤੇ ਲੋਕਾਂ ਦੇ ਮਨ ਕੀ ਬਾਤ ਸੁਣਨ ਦੀ ਮੰਗ ਕੀਤੀ। ਇਸ ਦੌਰਾਨ ਕਿਸਾਨਾਂ ਤੇ ਹਮਾਇਤੀਆਂ ਦਾ ਫੇਸਬੁੱਕ ਅਤੇ ਯੂ ਟਿਯੂੂਬ ਉੱਤੇ ਪ੍ਰੋਗਰਾਮ ਨੂੰ ਡਿਸਲਾਇਕ ਕਰਨ ਦਾ ਸਿਲਸਿਲਾ ਵੀ ਨਿਰੰਤਰ ਚੱਲਦਾ ਰਿਹਾ। ਰੇਲਵੇ ਸਟੇਸ਼ਨ ਗੁਰਦਾਸਪੁਰ ਦੇ ਬਾਹਰ ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਮੋਰਚਾ 88ਵੇਂ ਦਿਨ ਵੀ ਜਾਰੀ ਰਿਹਾ। ।ਅੱਜ ਪੰਜਵੇਂ ਦਿਨ ਭੁੱਖ ਹੜਤਾਲ ਉੱਤੇ ਹਰਜਿੰਦਰ ਕੌਰ, ਰਾਕੇਸ਼ ਕੁਮਾਰ, ਅਮਰੀਕ ਸਿੰਘ ਲੱਖਣਕਲਾਂ, ਸਾਗਰ ਸਿੰਘ, ਬਲਜੀਤ ਸਿੰਘ, ਸੂਬੇਦਾਰ ਬੂਟਾ ਸਿੰਘ, ਜਾਗੀਰ ਸਿੰਘ ਹਕੀਮਪੁਰ, ਰਜੰਵਤ ਕੌਰ ਅੱਗਲੇ 24 ਘੰਟਿਆਂ ਲਈ ਬੈਠੇ।
ਫਗਵਾੜਾ ਬੱਸ ਸਟੈਂਡ ’ਤੇ ਖੜਕਾਈਆਂ ਥਾਲੀਆਂ
ਫਗਵਾੜਾ (ਜਸਬੀਰ ਸਿੰਘ ਚਾਨਾ): ਸ਼ਹਿਰ ਦੇ ਬੱਸ ਸਟੈਂਡ ਦੇ ਦੋਵੇਂ ਪਾਸੇ ਖੜ੍ਹੇ ਹੋ ਕੇ ਫਗਵਾੜਾ ਸ਼ਹਿਰ ਦੀਆਂ ਲੋਕ ਪੱਖੀ ਜਨਤਕ ਜਥੇਬੰਦੀਆਂ, ਮੈਂਬਰਾਂ, ਅਧਿਆਪਕਾਂ ਤੇ ਬੁੱਧੀਜੀਵੀਆਂ ਵਲੋਂ ਥਾਲੀਆਂ ਖੜਕਾ ਕੇ ਨਾਅਰੇ ਲਗਾਏ ਤੇ ਹੱਥੀਂ ਬੈਨਰ ਫੜ੍ਹ ਕੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ। ਐਤਵਾਰ ‘ਮਨ ਕੀ ਬਾਤ’ ਸਮੇਂ ਦੌਰਾਨ ਕਿਸਾਨ ਜਥੇਬੰਦੀਆਂ ਦੀ ਸੰਘਰਸ਼ ਕਮੇਟੀ ਨੇ ਸਰਕਾਰ ਤੇ ਗੋਦੀ ਮੀਡੀਆ ਵਲੋਂ ਖੇਤੀ ਐਕਟਾਂ ਤੇ ਕਿਸਾਨਾਂ ਸਬੰਧੀ ਕੀਤੇ ਜਾ ਰਹੇ ਕੂੜਪ੍ਰਚਾਰ ਵਿਰੁੱਧ ਲਾਮਬੰਦੀ ਕਰਨ ਦਾ ਸੱਦਾ ਦਿੱਤਾ ਸੀ। ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਨੇ ਇੱਕ ਘੰਟਾ ਜੋਰਦਾਰ ਪ੍ਰਦਰਸ਼ਨ ਕੀਤਾ ਉਨ੍ਹਾਂ ਹੱਥਾ ’ਚ ਤਖ਼ਤੀਆਂ ਫੜੀਆ ਹੋਈਆ ਸੀ ਜਿਸ ਉਪਰ ਖੇਤੀ ਕਾਨੂੰਨ ਵਾਪਿਸ ਕਰੋ, ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਲੋਕਾਂ ਦੇ ਹੱਥਾਂ ’ਚ ਥਾਲੀਆਂ/ਚਮਚੇ ਫੜੇ ਸਨ ਜੋ ਉਹ ਖੜਕਾ ਰਹੇ ਸਨ, ਜੋ ਆਉਣ-ਜਾਣ ਵਾਲੇ ਲੋਕਾਂ ਦਾ ਧਿਆਨ ਦਾ ਕੇਂਦਰ ਸਨ।