ਕੇਪੀ ਸਿੰਘ
ਗੁਰਦਾਸਪੁਰ, 6 ਜੂਨ
ਐੱਚਆਰਏ ਲੋਟਸ ਸਕੂਲ, ਗੁਰਦਾਸਪੁਰ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਸਕੂਲੀ ਬੱਚਿਆਂ ਨੇ ਵਾਤਾਵਰਨ ਸੰਭਾਲ ਸਬੰਧੀ ਰੈਲੀ ਕੀਤੀ। ਚੇਅਰਮੈਨ ਹੀਰਾ ਮਨੀ ਅਗਰਵਾਲ ਨੇ ਦੱਸਿਆ ਕਿ ਬੱਚਿਆਂ ਦੀ ਇਹ ਰੈਲੀ ਸਕੂਲ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੇ ਹੋਏ ਫਿਸ਼ ਪਾਰਕ ਸਮਾਪਤ ਹੋਈ। ਰੈਲੀ ਵਿੱਚ ਸਕੂਲੀ ਬੱਚਿਆਂ ਦੇ ਨਾਲ ਭਾਰਤ ਵਿਕਾਸ ਪਰਿਸ਼ਦ, ਗੁਰਦਾਸਪੁਰ ਅਤੇ ਵਾਤਾਵਰਨ ਸੁਰੱਖਿਆ ਸੁਸਾਇਟੀ ਦੇ ਮੈਂਬਰ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਸਨ।
ਇਸੇ ਤਰ੍ਹਾਂ ਸ਼ਿਵਾਲਿਕ ਗਰੁੱਪ ਆਫ਼ ਕਾਲਜਿਜ਼ ਗੁਰਦਾਸਪੁਰ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ਸੈਮੀਨਾਰ ਕਰਵਾਇਆ ਗਿਆ। ਕਾਲਜ ਦੇ ਚੇਅਰਮੈਨ ਡਾ. ਸਤਵਿੰਦਰ ਸਿੰਘ ਸੰਧੂ ਨੇ ਵਧਦੇ ਤਾਪਮਾਨ ਨੂੰ ਕੰਟਰੋਲ ਕਰਨ ਲਈ ਬੱਚਿਆਂ ਅਤੇ ਅਧਿਆਪਕਾਂ ਨਾਲ ਸੰਦੇਸ਼ ਸਾਂਝੇ ਕੀਤੇ। ਉਨ੍ਹਾਂ ਵਧ ਰਹੇ ਪਲਾਸਟਿਕ ਪ੍ਰਦੂਸ਼ਣ ਨਾਲ ਨਜਿੱਠਣ ਅਤੇ ਇਸ ’ਤੇ ਧਿਆਨ ਕੇਂਦਰਿਤ ਕਰਨ ਦੀ ਗੱਲ ਕੀਤੀ। ਕਾਲਜ ਦੇ ਐੱਮਡੀ ਰਿਸ਼ਬਦੀਪ ਸਿੰਘ ਸੰਧੂ ਨੇ ਦੱਸਿਆ ਕਿ ਵਿਸ਼ਵ ਵਾਤਾਵਰਨ ਦਿਵਸ ਮਨਾਉਣ ਦੀ ਸ਼ੁਰੂਆਤ 1972 ਵਿੱਚ ਕੀਤੀ ਸੀ ਤੇ ਇਸ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਮਹਾਸਭਾ ਨੇ ਕੀਤੀ ਸੀ। ਸਭ ਤੋਂ ਪਹਿਲਾਂ ਇਹ ਦਿਵਸ 1974 ਵਿੱਚ ਮਨਾਇਆ ਗਿਆ ਸੀ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਇਸ ਦਿਨ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਲੋਕ ਇਸ ਦੀ ਮਹੱਤਤਾ ਨੂੰ ਸਮਝ ਸਕਣ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਜਲਵਾਯੂ ਤਬਦੀਲੀ, ਜੰਗਲਾਂ ਦੀ ਕਟਾਈ, ਪ੍ਰਦੂਸ਼ਣ, ਜੈਵਿਕ ਵਿਭਿੰਨਤਾ ਦੇ ਨੁਕਸਾਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ। ਇਸ ਮੌਕੇ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਬੂਟੇ ਵੀ ਲਗਾਏ ਗਏ।