ਗੁਰਬਖਸ਼ਪੁਰੀ/ਤੇਜਿੰਦਰ ਸਿੰਘ ਖਾਲਸਾ
ਤਰਨ ਤਾਰਨ/ਚੋਹਲਾ ਸਾਹਿਬ, 28 ਜੁਲਾਈ
ਇਲਾਕੇ ਦੇ ਪਿੰਡ ਸੁਹਾਵਾ ਦੇ ਬਜ਼ੁਰਗ ਦੀ ਬੀਤੇ ਦਿਨ ਹੱਤਿਆ ਕਰ ਦਿੱਤੀ ਗਈ| ਮ੍ਰਿਤਕ ਦੀ ਸ਼ਨਾਖਤ ਮਲੂਕ ਸਿੰਘ (65) ਵਜੋਂ ਹੋਈ ਹੈ। ਉਹ ਆਪਣੇ ਖੇਤਾਂ ਵਿੱਚ ਇਕੱਲਾ ਹੀ ਰਹਿੰਦਾ ਸੀ| ਉਸ ਦੇ ਦੋਹਾਂ ਲੜਕਿਆਂ ਅਤੇ ਪਤਨੀ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ| ਘਟਨਾ ਪਿੱਛੇ ਜਾਇਦਾਦ ਦੇ ਮਾਲਕ ਬਣਨ ਨੂੰ ਲੈ ਕੇ ਖਿਚੋਤਾਨ ਦੱਸੀ ਜਾ ਰਹੀ ਹੈ| ਇਸ ਘਟਨਾ ਬਾਰੇ ਉਸ ਦੇ ਪਿੰਡ ਵਿੱਚ ਰਹਿੰਦੇ ਰਿਸ਼ਤੇਦਾਰ ਮਲਕੀਅਤ ਸਿੰਘ ਨੂੰ ਦੇਰ ਸ਼ਾਮ ਜਾਣਕਾਰੀ ਮਿਲੀ| ਉਹ ਮੌਕੇ ’ਤੇ ਆਪਣੇ ਨਾਲ ਇਕ ਹੋਰ ਰਿਸ਼ਤੇਦਾਰ ਸਤਨਾਮ ਸਿੰਘ ਨੂੰ ਨਾਲ ਲੈ ਕੇ ਗਿਆ| ਉਨ੍ਹਾਂ ਦੇਖਿਆ ਕਿ ਹੱਤਿਆਰਿਆਂ ਨੇ ਮਲੂਕ ਸਿੰਘ ਦੀਆਂ ਬਾਹਾਂ ਪਿੱਛੇ ਬੰਨ੍ਹੀਆਂ ਹੋਈਆਂ ਸਨ| ਉਸ ਦੇ ਮੂੰਹ ਵਿੱਚ ਕੱਪੜਾ ਤੁੰਨਿਆ ਹੋਇਆ ਸੀ ਅਤੇ ਗਲੇ ਵਿੱਚ ਫਾਹਾ ਦੇਣ ਲਈ ਪਰਨਾ ਪਾਇਆ ਹੋਇਆ ਸੀ| ਮਲੂਕ ਸਿੰਘ ਦੀ ਹੱਤਿਆ ਮਗਰੋਂ ਲਾਸ਼ ਫ਼ਰਸ਼ ’ਤੇ ਸੁੱਟੀ ਹੋਈ ਸੀ|
ਸਰਹਾਲੀ ਦੇ ਐੱਸਐੱਚਓ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਜਾਣਕਾਰੀ ਮਿਲਣ ’ਤੇ ਪੁਲੀਸ ਸਮੇਤ ਘਟਨਾ ਵਾਲੀ ਥਾਂ ’ਤੇ ਪਹੁੰਚੇ ਅਤੇ ਜਾਣਕਾਰੀ ਇਕੱਤਰ ਕੀਤੀ| ਹੱਤਿਆਰਿਆਂ ਨੇ ਮਲੂਕ ਸਿੰਘ ਨਾਲ ਚਾਹ ਵੀ ਪੀਤੀ ਅਤੇ ਤਕਰਾਰ ਹੋਣ ’ਤੇ ਉਸ ਦੇ ਗਲ ਵਿੱਚ ਪਰਨਾ ਪਾ ਕੇ ਹੱਤਿਆ ਕਰ ਦਿੱਤੀ| ਮਲੂਕ ਸਿੰਘ ਮਜ਼ਬੂਤ ਸਰੀਰ ਵਾਲਾ ਹੋਣ ਕਰਕੇ ਉਸ ਨੇ ਹੱਤਿਆਰਿਆਂ ਨਾਲ ਮੁਕਾਬਲਾ ਵੀ ਕੀਤਾ ਲੱਗਦਾ ਹੈ| ਹੱਤਿਆਰਿਆਂ ਦੀ ਗਿਣਤੀ ਇਕ ਤੋਂ ਜ਼ਿਆਦਾ ਲੱਗਦੀ ਹੈ| ਸਰਹਾਲੀ ਪੁਲੀਸ ਨੇ ਧਾਰਾ 302 ਅਧੀਨ ਕੇਸ ਦਰਜ ਕੀਤਾ ਹੈ|
ਇਸ ਘਟਨਾ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਤੇ ਮ੍ਰਿਤਕ ਬਜ਼ੁਰਗ ਦੇ ਰਿਸ਼ਤੇਦਾਰ ਨੇ ਪੁਲੀਸ ਨੂੰ ਅਪੀਲ ਕੀਤੀ ਹੈ ਕਿ ਹੱਤਿਆਰਿਆਂ ਨੂੰ ਜਲਦ ਕਾਬੂ ਕੀਤਾ ਜਾਵੇ।