ਪੱਤਰ ਪ੍ਰੇਰਕ
ਚੇਤਨਪੁਰਾ, 4 ਨਵੰਬਰ
ਅਜਨਾਲਾ-ਅੰਮ੍ਰਿਤਸਰ ਰੋਡ ’ਤੇ ਐਕਸੀਡੈਂਟ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਿਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਕੁਲਦੀਪ ਸਿੰਘ ਜੋ ਕਿ ਬੱਗਾ ਕਲਾਂ ਦੀ ਚਰਚ ਦੇ ਪਾਸਟਰ ਦਾ ਭਤੀਜਾ ਹੈ, ਬੀਤੇ ਦਿਨ ਪਾਸਟਰ ਤੇ ਕੁਝ ਲੋਕਾਂ ਵੱਲੋਂ ਚਰਚ ਵਿਚ ਆ ਕੇ ਹਮਲਾ ਕੀਤਾ ਗਿਆ ਸੀ। ਇਸ ਸਬੰਧੀ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਵੱਲੋਂ ਇੱਕ ਜਾਂਚ ਡੀ.ਐਸ.ਪੀ ਅਜਨਾਲਾ ਨੂੰ ਮਾਰਕ ਕੀਤੀ ਹੋਈ ਹੈ, ਜਿਸ ’ਤੇ ਅੱਜ ਤਕ ਇਨਸਾਫ ਨਹੀਂ ਮਿਲਿਆ। ਪਰ ਅੱਜ ਦੂਜੀ ਧਿਰ ਵੱਲੋਂ ਇਸੇ ਰੰਜਿਸ਼ ਤਹਿਤ ਊਨ੍ਹਾਂ ਲੜਕਾ, ਜੋ ਕਿ ਕਾਰ ਵਿਚ ਸਵਾਰ ਹੋ ਕੇ ਅਜਨਾਲਾ-ਅੰਮ੍ਰਿਤਸਰ ਰੋਡ ’ਤੇ ਜਾ ਰਿਹਾ ਸੀ, ਇਕ ਸਾਜਿਸ਼ ਤਹਿਤ ਉਸ ਦਾ ਐਕਸੀਡੈਂਟ ਦੌਰਾਨ ਕਤਲ ਕਰਵਾ ਦਿੱਤਾ ਹੈ। ਮ੍ਰਿਤਕ ਦੇ ਪਰਿਵਾਰ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਇਸ ਮਸਲੇ ਦੀ ਬਰੀਕੀ ਨਾਲ ਜਾਂਚ ਕਰਨ ਦੀ ਮੰਗ ਕੀਤੀ। ਇਸ ਸਬੰਧੀ ਡੀ.ਐਸ.ਪੀ ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਐਕਸੀਡੈਂਟ ਥਾਣਾ ਅਜਨਾਲਾ ਦੀ ਹਦੂਦ ਅੰਦਰ ਹੋਇਆ, ਜਿਸ ਕਾਰਨ ਅਜਨਾਲਾ ਪੁਲੀਸ ਕਾਰਵਾਈ ਕਰ ਰਹੀ ਹੈ। ਡੀਐਸਪੀ ਵਿਪਨ ਕੁਮਾਰ ਨੇ ਦੱਸਿਆ ਕਿ ਮਸਲੇ ਦੀ ਜਾਂਚ ਕਰਕੇ ਅਸਲ ਦੋਸ਼ੀਆਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।