ਪੱਤਰ ਪ੍ਰੇਰਕ
ਜੈਂਤੀਪੁਰ, 20 ਜੂਨ
ਪਿੰਡ ਛਿੱਤ ਵਿੱਚ ਬਾਬਾ ਗੁਲਾਬ ਸ਼ਾਹ ਯਾਦਗਾਰੀ 11ਵਾਂ ਸਾਲਾਨਾ ਗੋਲਡ ਕਬੱਡੀ ਕੱਪ ਮੁੱਖ ਪ੍ਰਬੰਧਕ ਪਿਆਰਾ ਸਿੰਘ ਸ਼ਾਹ, ਵਰਿਆਮ ਸਿੰਘ, ਮੈਂਬਰ ਬਚਿੱਤਰ ਸਿੰਘ ਅਤੇ ਮਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਪਰਵਾਸੀ ਨੌਜਵਾਨ ਵੀਰਾਂ ਅਤੇ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਪਹਿਲਾ ਮੈਚ ਬੱਚਿਆਂ ਦੀਆਂ ਟੀਮਾਂ ਬਾਬਾ ਸ੍ਰੀ ਚੰਦ ਕਬੱਡੀ ਕਲੱਬ ਢਡਿਆਲਾ ਨੱਤ ਅਤੇ ਜੀ ਪੀ ਕਬੱਡੀ ਕਲੱਬ ਕੈਨੇਡਾ ਵਿਚਕਾਰ ਹੋਇਆ, ਜਿਸ ਵਿੱਚ ਢਡਿਆਲਾ ਨੱਤ ਦੀ ਟੀਮ ਜੇਤੂ ਰਹੀ। ਦੂਸਰਾ ਮੈਚ ਲੜਕੀਆਂ ਦੀਆਂ ਟੀਮਾਂ ਦਾ ਬੇ-ਆਫ ਪਲੰਟੀ ਨਿਊਜ਼ੀਲੈਂਡ ਤੇ ਗੁਰਦਾਸਪੁਰ ਕਬੱਡੀ ਕਲੱਬ ਵਿਚਕਾਰ ਹੋਇਆ, ਜਿਸ ਵਿੱਚ ਨਿਊਜ਼ੀਲੈਂਡ ਦੀ ਟੀਮ ਜੇਤੂ ਰਹੀ।
ਇਸ ਕਬੱਡੀ ਕੱਪ ਦਾ ਤੀਸਰਾ ਤੇ ਮੁੱਖ ਮੈਚ ਬਾਬਾ ਬਿਧੀ ਚੰਦ ਕਬੱਡੀ ਕਲੱਬ ਸੁਰਸਿੰਘ ਅਤੇ ਲਾਇਨਜ਼ ਕਬੱਡੀ ਕਲੱਬ ਗੁਰਦਾਸਪੁਰ ਦੀਆਂ ਟੀਮਾਂ ਦਰਮਿਆਨ ਹੋਇਆ, ਜਿਸ ਵਿੱਚ ਬੜੇ ਫਸਵੇਂ ਤੇ ਰੌਚਕ ਮੁਕਾਬਲੇ ਵਿੱਚ 29 ਅੰਕਾਂ ਦੇ ਮੁਕਾਬਲੇ 37 ਅੰਕ ਲੈ ਕੇ ਸੁਰਸਿੰਘ ਦੀ ਟੀਮ ਜੇਤੂ ਰਹੀ ਅਤੇ ਗੋਲਡ ਕਬੱਡੀ ਕੱਪ ’ਤੇ ਕਬਜ਼ਾ ਕੀਤਾ।
ਇਸ ਮੌਕੇ ਜੇਤੂ ਟੀਮ ਨੂੰ 51 ਹਜ਼ਾਰ ਅਤੇ ਉੱਪ ਜੇਤੂ ਟੀਮ ਨੂੰ 41 ਹਜ਼ਾਰ ਰੁਪਏ ਅਤੇ ਹੋਰ ਜੇਤੂ ਟੀਮਾਂ ਨੂੰ ਸਨਮਾਨਿਤ ਕਰਨ ਸਰਪੰਚ ਅਵਤਾਰ ਸਿੰਘ ਗਿੱਲ, ਸਾਬਕਾ ਸਰਪੰਚ ਬਲਵੰਤ ਸਿੰਘ ਛਿੱਤ, ਸਾਬਕਾ ਸਰਪੰਚ ਹਰਦੀਪ ਸਿੰਘ ਛਿੱਤ, ਬਲਕਾਰ ਸਿੰਘ ਫੌਜੀ, ਰਣਜੀਤ ਸਿੰਘ ਗਗਨ ਛਿੱਤ, ਲੱਖਾ ਸਿੰਘ ਬੱਲ ਅਤੇ ਮੁੱਖ ਪ੍ਰਬੰਧਕਾਂ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਘੁੱਗੀ ਛਿੱਤ ਨੂੰ ਦਿਲਪ੍ਰੀਤ ਸਿੰਘ ਯੂਐੱਸਏ ਵੱਲੋਂ 51 ਹਜ਼ਾਰ ਦੀ ਨਕਦ ਰਾਸ਼ੀ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਮੈਂਟਰੀ ਦੀ ਡਿਊਟੀ ਬਲਜਿੰਦਰ ਸਿੰਘ ਬੱਲ ਝਲਾੜੀ, ਵਿਸ਼ਾਲ ਦੁੱਧਾਰਾਏ ਅਤੇ ਸ਼ਿਵ ਯੋਧੇ ਨੇ ਬਾਖੂਬੀ ਨਿਭਾਈ।