ਪੱਤਰ ਪ੍ਰੇਰਕ
ਪਠਾਨਕੋਟ, 6 ਜਨਵਰੀ
ਸੰਘਣੀ ਧੁੰਦ ਦੇ ਮੱਦੇਨਜ਼ਰ ਅੱਜ ਤੜਕੇ ਜ਼ਿਲ੍ਹਾ ਪੁਲੀਸ ਨੇ ਯੂਏਵੀ ਡਰੋਨ ਨਾਲ ਪਠਾਨਕੋਟ ਏਅਰਬੇਸ, ਸੈਨਿਕ ਖੇਤਰਾਂ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਆਸ-ਪਾਸ ਅਤੇ ਬਾਹਰੀ ਖੇਤਰ ਵਿੱਚ ਡਰੋਨ ਰਾਹੀਂ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ। ਇਸ ਦੌਰਾਨ ਸੁਰੱਖਿਆ ਮੁਲਾਜ਼ਮਾਂ ਨੇ ਏਅਰਬੇਸ ਕੋਲੋਂ ਲੰਘ ਰਹੀ ਨਲਵਾ ਨਹਿਰ ਨਾਲ ਲੱਗਦੇ ਖੇਤਰ ਅਤੇ ਗੁੱਜਰਾਂ ਦੇ ਡੇਰਿਆਂ ਨੂੰ ਵੀ ਡਰੋਨ ਰਾਹੀਂ ਜਾਂਚਿਆ। ਦਿਨ ਭਰ ਪੁਲੀਸ ਵੱਲੋਂ ਜ਼ਿਲ੍ਹੇ ਵਿੱਚ ਅਲੱਗ-ਅਲੱਗ ਸੰਵੇਦਨਸ਼ੀਲ ਖੇਤਰਾਂ ਦੀ ਡਰੋਨ ਦੇ ਮਾਧਿਅਮ ਨਾਲ ਸਮੀਖਿਆ ਕੀਤੀ ਗਈ। ਇਸ ਦੌਰਾਨ ਪੁਲੀਸ ਨੂੰ ਕੋਈ ਵੀ ਨਾ ਤਾਂ ਸ਼ੱਕੀ ਸਾਮਾਨ ਮਿਲਿਆ ਅਤੇ ਨਾ ਹੀ ਕੋਈ ਸ਼ੱਕੀ ਵਿਅਕਤੀ ਮਿਲਿਆ। ਜ਼ਿਕਰਯੋਗ ਹੈ ਕਿ ਸਾਲ 2016 ਵਿੱਚ ਏਅਰਬੇਸ ’ਤੇ ਅਤਿਵਾਦੀਆਂ ਨੇ ਹਮਲਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਪੁਲੀਸ ਇਸ ਖੇਤਰ ਨੂੰ ਸੰਵੇਦਨਸ਼ੀਲ ਮੰਨ ਕੇ ਅਭਿਆਨ ਚਲਾਉਂਦੀ ਰਹਿੰਦੀ ਹੈ ਤੇ ਸੁਰੱਖਿਆ ਵਿਵਸਥਾ ਨੂੰ ਜਾਂਚਦੀ ਰਹਿੰਦੀ ਹੈ। ਤਲਾਸ਼ੀ ਅਭਿਆਨ ਦੌਰਾਨ ਮੌਕੇ ’ਤੇ ਹਾਜ਼ਰ ਡੀਐੱਸਪੀ ਰਾਜਿੰਦਰ ਮਨਹਾਸ ਨੇ ਦੱਸਿਆ ਕਿ ਪਠਾਨਕੋਟ ਸਰਹੱਦੀ ਜ਼ਿਲ੍ਹਾ ਹੈ। ਇਸ ਸਮੇਂ ਸੰਘਣੀ ਧੁੰਦ ਵੀ ਛਾਈ ਹੋਈ ਹੈ ਜਿਸ ਦੇ ਮੱਦੇਨਜ਼ਰ ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ ਵੱਲੋਂ ਫੈਸਲਾ ਲਿਆ ਗਿਆ ਕਿ ਸੁੰਨਸਾਨ ਇਲਾਕਿਆਂ ਵਿੱਚ ਸਰਚ ਕੀਤੀ ਜਾਵੇ ਅਤੇ ਇਸੇ ਅਭਿਆਨ ਤਹਿਤ ਪੁਲੀਸ ਨੂੰ ਮਿਲੇ ਹੋਏ ਯੂਏਵੀ ਡਰੋਨ ਰਾਹੀਂ ਸਾਰੇ ਸੰਵੇਦਨਸ਼ੀਲ ਇਲਾਕਿਆਂ ਦੀ ਸਰਚ ਕਰਵਾਈ ਗਈ ਹੈ।