ਐਨਪੀ.ਧਵਨ
ਪਠਾਨਕੋਟ, 5 ਫਰਵਰੀ
ਕਸਬਾ ਤਾਰਾਗੜ੍ਹ ਦੇ ਪਸ਼ੂ ਹਸਪਤਾਲ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਇਮਾਰਤ ਕਿਸੇ ਵੇਲੇ ਵੀ ਡਿੱਗ ਸਕਦੀ ਹੈ। ਜਾਣਕਾਰੀ ਅਨੁਸਾਰ ਹਸਪਤਾਲ ਦੀ ਇਮਾਰਤ ਮਿਆਦ ਪੁਗਾ ਚੁੱਕੀ ਤੇ ਹੁਣ ਇਸ ਦੇ ਕਮਰਿਆਂ ਦੀਆਂ ਛੱਤਾਂ ਤੋਂ ਮਲਬਾ ਡਿੱਗ ਰਿਹਾ ਹੈ ਅਤੇ ਕੰਧਾਂ ਵਿੱਚ ਵੱਡੀਆਂ-ਵੱਡੀਆਂ ਤਰੇੜਾਂ ਪੈ ਚੁੱਕੀਆਂ ਹਨ। ਇੱਥੋਂ ਤੱਕ ਕਿ ਕਮਰਿਆਂ ਦੀ ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਵੀ ਜੰਗ ਲੱਗ ਚੁੱਕੀ ਹੈ। ਥੋੜ੍ਹੀ ਜਿਹੇ ਮੀਂਹ ਨਾਲ ਛੱਤ ਤੋਂ ਪਾਣੀ ਰਿਸਦਾ ਰਹਿੰਦਾ ਹੈ, ਜਿਸ ਕਾਰਨ ਸਟਾਫ ਦਾ ਇਮਾਰਤ ਵਿੱਚ ਬੈਠਣਾ ਬਹੁਤ ਮੁਸ਼ਕਲ ਹੋ ਗਿਆ ਹੈ। ਅਜਿਹੀ ਹਾਲਤ ਵਿੱਚ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇੱਥੇ ਹੀ ਬੱਸ ਨਹੀਂ ਲੰਬੇ ਸਮੇਂ ਤੋਂ ਇਸ ਹਸਪਤਾਲ ਵਿੱਚ ਨਾ ਤਾਂ ਪਾਣੀ ਦੀ ਵਿਵਸਥਾ ਹੈ ਅਤੇ ਨਾ ਹੀ ਪਾਖਾਨੇ ਦਾ ਕੋਈ ਪ੍ਰਬੰਧ ਹੈ, ਜਿਸ ਕਾਰਨ ਹਸਪਤਾਲ ਦੇ ਮੁਲਾਜ਼ਮਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੂਸਰੇ ਪਾਸੇ ਹਸਪਤਾਲ ਦੀ ਚਾਰਦੀਵਾਰੀ ਵੀ ਪੂਰੀ ਟੁੱਟ ਚੁੱਕੀ ਹੈ ਅਤੇ ਹਸਪਤਾਲ ਦਾ ਮੇਨ ਗੇਟ ਵੀ ਨਹੀਂ ਲੱਗਾ ਹੋਇਆ ਹੈ, ਜਿਸ ਕਾਰਨ ਇਹ ਪਸ਼ੂ ਹਸਪਤਾਲ ਨਹੀਂ ਬਲਕਿ ਕੋਈ ਖੰਡਰ ਜਾਪਦਾ ਹੈ। ਇਸ ਦੌਰਾਨ ਖੇਤਰ ਦੇ ਪਸ਼ੂ ਪਾਲਕਾਂ ਨੇ ਇਸ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਹੈ।