ਗੁਰਬਖਸ਼ਪੁਰੀ
ਤਰਨ ਤਾਰਨ, 10 ਫਰਵਰੀ
ਤਰਨ ਤਾਰਨ ਨਗਰ ਕੌਂਸਲ ਬੁਰੀ ਭ੍ਰਿਸ਼ਟਾਚਾਰ ਦੇ ਵਿਵਾਦਾਂ ਵਿੱਚ ਘਿਰ ਗਈ ਹੈ| ਇਸ ਸਬੰਧੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਲਾਏ ਜਾ ਰਹੇ ਦੋਸ਼ ਹੁਣ ਵੱਡੇ ਪੱਧਰ ’ਤੇ ਸੋਸ਼ਲ ਮੀਡੀਆ ’ਚ ਆਉਣ ਨਾਲ ਪ੍ਰਸ਼ਾਸਨ ਕਸੂਤੀ ਸਥਿਤੀ ਵਿੱਚ ਫਸ ਗਿਆ ਹੈ| ਇਸ ਅਦਾਰੇ ਦੇ ਮੁਲਾਜ਼ਮਾਂ ਵੱਲੋਂ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਖ਼ਿਲਾਫ਼ ਡੀਸੀ ਕੁਲਵੰਤ ਸਿੰਘ ਨੂੰ ਕੀਤੀ ਸ਼ਿਕਾਇਤ ਦੀ ਪੜਤਾਲ ਦਾ ਕੰਮ ਉਨ੍ਹਾਂ ਵੱਲੋਂ ਪਹਿਲਾਂ ਹੀ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰ ਵਿਕਾਸ) ਦਿੱਤਾ ਗਿਆ ਹੈ| ਸ਼ਹਿਰ ਦੇ ਆਮ ਲੋਕਾਂ ਵੱਲੋਂ ਦੋਸ਼ ਲਾਏ ਜਾ ਰਹੇ ਹਨ ਕਿ ਨਗਰ ਕੌਂਸਲ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਜਿਸ ਕਾਰਨ ਨਗਰ ਕੌਂਸਲ ਦੀ ਆਮਦਨ ਵੀ ਠੱਪ ਹੋ ਕੇ ਰਹਿ ਗਈ ਹੈ। ਕਾਰਜਸਾਧਕ ਅਧਿਕਾਰੀ ਨੇ ਦੋਸ਼ਾਂ ਦਾ ਸਿੱਧਾ ਜਵਾਬ ਦੇਣ ਦੀ ਥਾਂ ਕਿਹਾ ਕਿ ਮਾਮਲਾ ਛੇਤੀ ਹੀ ਹੱਲ ਕਰ ਲਿਆ ਜਾਵੇਗਾ| ਉਨ੍ਹਾਂ ਕਿਹਾ ਕਿ ਵਧੇਰੇ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਕਰਕੇ ਇਹ ਸਥਿਤੀ ਆਈ ਹੈ|
ਮਾਮਲੇ ਦੀ ਜਾਂਚ ਜਲਦ ਹੀ ਕਰਾਂਗੇ: ਐੱਸਡੀਐੱਮ
ਨਗਰ ਕੌਂਸਲ ਦੇ ਪ੍ਰਬੰਧਕ-ਕਮ-ਐੱਸਡੀਐੱਮ ਰਜਨੀਸ਼ ਅਰੋੜਾ ਨੇ ਕਿਹਾ ਕਿ ਕੌਂਸਲ ਦੇ ਕੰਮ ਵਿੱਚ ਕੋਈ ਗੜਬੜ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਅਜੇ ਉਹ ਤਰਨ ਤਾਰਨ ਹਲਕੇ ਦੇ ਰਿਟਰਨਿੰਗ ਅਧਿਕਾਰੀ ਹੋਣ ਕਾਰਨ ਰੁਝੇ ਹੋਏ ਹਨ ਅਤੇ ਇਸ ਕੰਮ ਤੋਂ ਵਿਹਲੇ ਹੁੰਦਿਆਂ ਹੀ ਉਹ ਨਗਰ ਕੌਂਸਲ ਦੇ ਅਧਿਕਾਰੀਆਂ-ਮੁਲਾਜ਼ਮਾਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਦੀ ਜਾਂਚ ਕਰਨਗੇ|