ਗੁਰਬਖਸ਼ਪੁਰੀ
ਤਰਨ ਤਾਰਨ, 7 ਸਤੰਬਰ
ਬੀਤੇ 15-15 ਸਾਲਾਂ ਤੋਂ ਨਗਰ ਕੌਂਸਲ ਦੇ ਪਾਣੀ ਦੀ ਸਪਲਾਈ ਕਰਨ ਲਈ ਲਾਏ ਹੋਏ 14 ਪੰਪ ਅਪਰੇਟਰਾਂ ਨੂੰ ਉਨ੍ਹਾਂ ਦੇ ਕੰਮ ਤੋਂ ਹਟਾ ਦੇਣ ਨਾਲ ਜਿੱਥੇ ਸ਼ਹਿਰ ਅੰਦਰ ਹਜ਼ਾਰਾਂ ਵਸਨੀਕਾਂ ਨੂੰ ਪੀਣ ਦੇ ਪਾਣੀ ਦੀ ਸਪਲਾਈ ਤੋਂ ਵਾਂਝਾ ਕਰ ਦਿੱਤਾ ਗਿਆ, ਉੱਥੇ ਇਸ ਨਿਰਣੇ ਖਿਲਾਫ਼ ਮੁਲਾਜ਼ਮਾਂ ਨੇ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਹੈ| ਨਗਰ ਕੌਂਸਲ ਦੇ ਅਧਿਕਾਰੀਆਂ ਨੇ ਸਾਲਾਂ ਤੋਂ ਪੰਪ ਅਪਰੇਟਰ ਦੇ ਤੌਰ ’ਤੇ ਕੰਮ ਕਰਨ ਵਾਲਿਆਂ ਨੂੰ ਬਿਨਾਂ ਕੋਈ ਨੋਟਿਸ ਦਿੱਤਿਆਂ ਪੰਪ ਅਪਰੇਟਰ ਦੇ ਕੰਮ ’ਤੇ ਨਾ ਆਉਣ ਦੇ ਜ਼ਬਾਨੀ ਫ਼ਰਮਾਨ ਕੀਤੇ ਹਨ| ਇਸ ਨਿਰਣੇ ਖਿਲਾਫ਼ ਸਫ਼ਾਈ ਸੇਵਕਾਂ ਦੇ ਸੂਬਾ ਆਗੂ ਰਮੇਸ਼ ਕੁਮਾਰ ਦੀ ਅਗਵਾਈ ਹੇਠ ਮੁਲਾਜ਼ਮਾਂ ਨੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਗਵਿੰਦਰ ਸਿੰਘ ਗਰੇਵਾਲ ਨੂੰ ਮੈਮੋਰੰਡਮ ਦੇ ਕੇ ਰੋਸ ਦਾ ਪ੍ਰਗਟਾਵਾ ਕੀਤਾ ਅਤੇ ਇਸ ਖਿਲਾਫ਼ ਸੰਘਰਸ਼ ਕਰਨ ਵੀ ਚਿਤਾਵਨੀ ਦਿੱਤੀ| ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਧਰਮਪਾਲ ਸਿੰਘ ਨੇ ਦੱਸਿਆ ਕਿ ਹਟਾਏ ਗਏ ਪੰਪ ਅਪਰੇਟਰ ਸਫਾਈ ਸੇਵਕ ਦੇ ਤੌਰ ’ਤੇ ਭਰਤੀ ਕੀਤੇ ਗਏ ਸਨ| ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਕੋਲ ਪੰਪ ਅਪਰੇਟਰ ਦੀ ਨਿਰਧਾਰਿਤ ਯੋਗਤਾ ਨਾ ਹੋਣ ਕਰਕੇ ਉਨ੍ਹਾਂ ਨੂੰ ਹਟਾ ਕੇ ਸਫ਼ਾਈ ਸੇਵਕ ਦਾ ਕੰਮ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ| ਸਫ਼ਾਈ ਸੇਵਕਾਂ ਦੇ ਆਗੂ ਰਮੇਸ਼ ਕੁਮਾਰ ਨੇ ਕਿਹਾ ਕਿ ਅਧਿਕਾਰੀਆਂ ਨੇ ਇਹ ਕਦਮ ਚੁੱਕਣ ਲਈ ਕੋਈ ਲਿਖਤੀ ਕਾਰਵਾਈ ਤੱਕ ਨਹੀਂ ਕੀਤੀ ਅਤੇ ਨਾ ਹੀ ਨੋਟਿਸ ਜਾਰੀ ਕੀਤੇ ਹਨ| ਇਸ ਪ੍ਰਕਿਰਿਆ ਦੌਰਾਨ ਨਗਰ ਕੌਂਸਲ ਵੱਲੋਂ ਸਾਰੇ ਪੰਪ ਅਪਰੇਟਰਾਂ ਨੂੰ ਕੰਮ ਤੋਂ ਹਟਾ ਦੇਣ ਕਰਕੇ ਟਿਊਬਵੈੱਲਾਂ ਨੂੰ ਚਲਾਉਣ ਲਈ ਕੋਈ ਬਦਲਵੇਂ ਬੰਦੋਬਸਤ ਨਾ ਕੀਤੇ ਜਾਣ ਕਰਕੇ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਠੱਪ ਹੋ ਗਈ|