ਪੱਤਰ ਪ੍ਰੇਰਕ
ਅਟਾਰੀ, 7 ਜੁਲਾਈ
ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ ਜ਼ਿਲ੍ਹੇ ’ਚ ਮੈਰਿਟ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਰਾਜ ਸਿੰਘ ਰੰਧਾਵਾ ਨੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਬਲਰਾਜ ਸਿੰਘ ਢਿੱਲੋਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵੀ ਹਾਜ਼ਰ ਸਨ। ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਬਾਰੇ ਦੱਸਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਰਾਜ ਸਿੰਘ ਢਿੱਲੋਂ ਨੇ ਕਿਹਾ ਕਿ ਜ਼ਿਲ੍ਹੇ ਭਰ ਵਿੱਚੋਂ ਮੈਰਿਟ ਵਿੱਚ ਆਉਣ ਵਾਲੇ 20 ਵਿਦਿਆਰਥੀਆਂ ਦਾ ਦਫ਼ਤਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਅਰਸ਼ਦੀਪ ਸਿੰਘ ਸੇਂਟ ਕਬੀਰ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਵਿੰਡ ਰੋਡ ਦਾ ਵਿਦਿਆਰਥੀ ਜ਼ਿਲ੍ਹੇ ਵਿੱਚੋਂ ਪਹਿਲੇ ਸਥਾਨ ’ਤੇ ਰਿਹਾ ਹੈ, ਸੁਨੀਤਾ ਰਾਣੀ ਸਰਕਾਰੀ ਹਾਈ ਸਕੂਲ ਮੀਰਾਂਕੋਟ ਕਲਾਂ ਦੂਜੇ ਸਥਾਨ ਅਤੇ ਸੁਪਰੀਤ ਕੌਰ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਤੀਜੇ ਸਥਾਨ ’ਤੇ ਰਹੀ।
ਤਰਨ ਤਾਰਨ (ਪੱਤਰ ਪ੍ਰੇਰਕ): ਮਾਤਾ ਸਾਹਿਬ ਕੌਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਦੇ ਮੈਨੇਜਿੰਗ ਡਾਇਰੈਕਟਰ ਤੇਜਿੰਦਰ ਸਿੰਘ ਅਤੇ ਪ੍ਰਿੰਸੀਪਲ ਨਵਜੋਤੀ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ ਵਲੋਂ 91.5 ਫੀਸਦੀ, ਸੁਖਦੀਪ ਕੌਰ ਵਲੋਂ 89.2 ਫੀਸਦੀ ਅਤੇ ਪਵਨਦੀਪ ਕੌਰ ਨੇ 88.7 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ ਹੈ|
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): 10ਵੀਂ ਦੇ ਨਤੀਜੇ ਵਿੱਚ ਐਸ.ਡੀ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਗੁਰਸਿਮਰਨ ਕੌਰ 615, ਰਮਨਜੋਤ ਕੌਰ 612, ਮਨਪ੍ਰੀਤ ਕੌਰ 609 ਤੇ ਹਰਸਿਮਰਨ ਕੌਰ ਨੇ 600 ਅੰਕ ਲੈ ਕੇ ਸਕੂਲ ਦਾ ਨਾਮ ਚਮਕਾਇਆ ਹੈ।
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹੂੰਣ ਦਾ ਨਤੀਜਾ 100 ਫੀਸਦ ਰਿਹਾ। ਸਕੂਲ ਮੁਖੀ ਹਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਨਿਧੀ 623 ਅੰਕਾਂ ਨਾਲ ਸਕੂਲ ਵਿੱਚੋਂ ਪਹਿਲੇ ਸਥਾਨ, ਜਦੋਂ ਕਿ ਹਰਪ੍ਰੀਤ ਕੌਰ 607 ਅੰਕ ਪ੍ਰਾਪਤ ਕਰਕੇ ਦੂਜੇ ਤੇ ਨਵਲਦੀਪ 606 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਹਿਰੂ ਗਾਰਡਨ ਦਾ ਮੈਟ੍ਰਿਕ ਦਾ ਨਤੀਜਾ ਇਸ ਵਾਰ ਵੀ ਸ਼ਾਨਦਾਰ ਰਿਹਾ। ਪ੍ਰਿੰਸੀਪਲ ਗੁਰਿੰਦਰਜੀਤ ਕੌਰ ਨੇ ਦੱਸਿਆ ਕਿ ਵਿਦਿਆਰਥਣ ਅਵੰਤਿਕਾ ਨੇ 96.6 ਫੀਸਦੀ ਅੰਕਾਂ ਨਾਲ ਪਹਿਲਾ, ਗੰਗਾ ਗੁਪਤਾ ਅਤੇ ਸਮਿਤੀ ਭਗਤ ਨੇ 95.3 ਫੀਸਦ ਅੰਕ ਹਾਸਲ ਕਰਕੇ ਸਾਂਝੇ ਰੂਪ ਵਿੱਚ ਦੂਸਰਾ ਤੇ ਅਪੂਰਵਾ ਨੇ 94.7 ਫੀਸਦ ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।
ਏਕਤਾ ਨੇ ਸਰਕਾਰੀ ਸਕੂਲਾਂ ਦੀ ਸ਼ਾਨ ਵਧਾਈ
ਸ਼ਾਹਕੋਟ (ਪੱਤਰ ਪ੍ਰੇਰਕ): ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਲਸੀਆਂ ਦੀ ਦਸਵੀ ਜਮਾਤ ਵਿਦਿਆਰਥਣ ਏਕਤਾ ਪੁੱਤਰੀ ਵਿਕਾਸ ਚੰਦ ਨੇ ਤਹਿਸੀਲ ਸ਼ਾਹਕੋਟ ਤੇ ਨਕੋਦਰ ਦੇ ਨਿੱਜੀ ਸਕੂਲਾਂ ਨੂੰ ਪਛਾੜਦਿਆਂ 97.08 ਫੀਸਦੀ ਅੰਕ ਪ੍ਰਾਪਤ ਕਰਕੇ ਸਿੱਖਿਆ ਬੋਰਡ ਵੱਲੋਂ ਐਲਾਨੀ ਮੈਰਿਟ ਸੂਚੀ ਵਿੱਚ 13 ਵਾਂ ਤੇ ਜ਼ਿਲ੍ਹਾ ਜਲੰਧਰ ’ਚ ਤੀਜਾ ਸਥਾਨ ਪ੍ਰਾਪਤ ਕਰਕੇ ਸਰਕਾਰੀ ਸਕੂਲਾਂ ਦੀ ਸਰਦਾਰੀ ਕਾਇਮ ਕੀਤੀ ਹੈ। ਵਿਦਿਆਰਥਣ ਏਕਤਾ ਪੁੱਦੀ ਇਸ ਪ੍ਰਾਪਤੀ ’ਤੇ ਅੱਜ ਸਕੂਲ ਸਟਾਫ ਵੱਲੋਂ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਹਰਪ੍ਰੀਤ ਸਿੰਘ ਸੋਧੀ ਨੇ ਦੱਸਿਆ ਕਿ ਪਿੰਡ ਮਲਸੀਆਂ ਦੀ ਪੱਤੀ ਅਕਲਪੁਰ ਦੀ ਰਹਿਣ ਵਾਲੀ ਹੋਣਹਾਰ ਵਿਦਿਆਰਥਣ ਨੇ ਤਹਿਸੀਲ ਸ਼ਾਹਕੋਟ ਤੇ ਨਕੋਦਰ ਦੇ ਸਾਰੇ ਨਿੱਜੀ ਸਕੂਲਾਂ ਨੂੰ ਪਛਾੜ ਕੇ ਸਰਕਾਰੀ ਸਕੂਲਾਂ ਦੀ ਸ਼ਾਨ ਨੂੰ ਚਮਕਾਉਂਦਿਆਂ ਉਨ੍ਹਾਂ ਦੇ ਸਕੂਲ ਦਾ ਨਾਂ ਰੁਸ਼ਨਾ ਦਿੱਤਾ ਹੈ।