ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 6 ਅਕਤੂਬਰ
ਇੱਥੋਂ ਦੇ ਪਿੰਡਾਂ ਨਿਜਾਮਪੁਰਾ, ਤੀਰਥਪੁਰਾ, ਨਵਾਂ ਪਿੰਡ, ਨੰਗਲ ਦਿਆਲ ਸਿੰਘ ਅਤੇ ਹੋਰ ਬਹੁਤ ਸਾਰੇ ਇਲਾਕਿਆਂ ਵਿੱਚ ਜੰਗਲੀ ਸੂਰਾਂ ਨੇ ਆਪਣੀ ਦਹਿਸ਼ਤ ਮਚਾਈ ਹੋਈ ਹੈ। ਇਹ ਸੂਰ ਜਿੱਥੇ ਫਸਲਾਂ ਦਾ ਨੁਕਸਾਨ ਕਰ ਰਹੇ ਹਨ, ਉਥੇ ਹੀ ਇਨਸਾਨੀ ਜਾਨਾਂ ਨੂੰ ਵੀ ਇਸ ਤੋਂ ਖ਼ਤਰਾ ਬਣਿਆ ਹੋਇਆ ਹੈ। ਇਸ ਬਾਰੇ ਸਬਜ਼ੀ ਉਤਪਾਦਕ ਕਿਸਾਨ ਜਥੇਬੰਦੀ ਦੇ ਆਗੂ ਜਥੇਦਾਰ ਭੁਪਿੰਦਰ ਸਿੰਘ ਭੋਲਾ, ਲਖਬੀਰ ਸਿੰਘ ਨਿਜਾਮਪੁਰਾ ਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਇਥੋਂ ਨਜ਼ਦੀਕ ਤੋਂ ਲੰਘਦੀ ਅੱਪਰ ਬਾਰੀ ਦੁਆਬ ਨਹਿਰ ਦੇ ਨਾਲ ਲੱਗਦੇ ਜੰਗਲਾਂ ਵਿੱਚੋਂ ਆਉਂਦੇ ਜੰਗਲੀ ਸੂਰਾਂ ਨੇ ਉਨ੍ਹਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਮਰ ਰਹੀ ਕਿਸਾਨੀ ਨੂੰ ਕੁਦਰਤੀ ਮਾਰਾਂ ਨੇ ਝੰਬਿਆ ਹੋਇਆ ਹੈ ਤੇ ਹੁਣ ਇਕ ਹੋਰ ਨਵੀਂ ਮੁਸੀਬਤ ਕਿਸਾਨਾਂ ਦੇ ਮੂਹਰੇ ਆ ਖਲੋਤੀ ਹੈ ਤੇ ਉਹ ਮੁਸੀਬਤ ਹੈ ਜੰਗਲੀ ਸੂਰ। ਕਿਸਾਨਾਂ ਨੇ ਦੱਸਿਆ ਕਿ ਜੰਗਲੀ ਸੂਰ ਫ਼ਸਲਾਂ, ਮਨੁੱਖਾਂ ਤੇ ਮਾਲ ਡੰਗਰ ਲਈ ਖਤਰਾ ਹਨ। ਇਨ੍ਹਾਂ ਸੂਰਾਂ ਨੇ ਪਹਿਲਾਂ ਮੱਕੀ ਦੀ ਫਸਲ ਉਜਾੜੀ ਹੈ ਅਤੇ ਹੁਣ ਇਹ ਕਿਸਾਨਾਂ ਵੱਲੋਂ ਬੀਜੇ ਆਲੂਆਂ ਦੇ ਬੀਜਾਂ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਜਦੋਂ ਉਹ ਜਾਂ ਉਨ੍ਹਾਂ ਦੇ ਸੀਰੀ ਰਾਤ ਵੇਲੇ ਪਾਣੀ ਲਾਉਣ ਜਾਂ ਮੋਟਰ ’ਤੇ ਗੇੜਾ ਮਾਰਨ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਸੂਰਾਂ ਦੀ ਦਹਿਸ਼ਤ ਦਾ ਸ਼ਿਕਾਰ ਹੋਣਾ ਪੈਂਦਾ ਹੈ ਤੇ ਇਹੀ ਖਤਰਾ ਦਿਨ ਵੇਲੇ ਵੀ ਬਰਕਰਾਰ ਰਹਿੰਦਾ ਹੈ ਜੋ ਉਨ੍ਹਾਂ ਲਈ ਬਹੁਤ ਹੀ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਸਬੰਧੀ ਕਿਸਾਨ ਆਗੂਆਂ ਤੇ ਇਲਾਕਾ ਵਾਸੀਆਂ ਨੇ ਸਰਕਾਰ ਤੇ ਸਬੰਧਤ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਜੰਗਲੀ ਸੂਰਾਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਉਹ ਇਨ੍ਹਾਂ ਤੋਂ ਬਚ ਸਕਣ।