ਪੱਤਰ ਪ੍ਰੇਰਕ
ਪਠਾਨਕੋਟ, 27 ਜੂਨ
ਲੋਕਾਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਠਾਕੁਰ ਅਮਿਤ ਸਿੰਘ ਮੰਟੂ ਨੇ ਜੰਮੂ-ਕਸ਼ਮੀਰ ਤੋਂ ਕਰੱਸ਼ਰ ਸਮੱਗਰੀ ਰਾਵੀ ਦਰਿਆ ਰਾਹੀਂ ਨਾਜਾਇਜ਼ ਤੌਰ ’ਤੇ ਲੈ ਕੇ ਆ ਰਹੇ ਦੋ ਟਿੱਪਰਾਂ ਨੂੰ ਕਾਬੂ ਕਰਕੇ ਸੁਜਾਨਪੁਰ ਪੁਲੀਸ ਦੇ ਹਵਾਲੇ ਕੀਤਾ। ਠਾਕੁਰ ਅਮਿਤ ਸਿੰਘ ਮੰਟੂ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਰ-ਵਾਰ ਲੋਕਾਂ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਨ੍ਹਾਂ ਦੇ ਪਿੰਡ ’ਚੋਂ ਨਾਜਾਇਜ਼ ਤੌਰ ’ਤੇ ਟਿੱਪਰ ਕਰੱਸ਼ਰ ਸਮੱਗਰੀ ਲੈ ਕੇ ਲੰਘ ਰਹੇ ਹਨ। ਜਿਸ ਮਗਰੋਂ ਉਨ੍ਹਾਂ ਮੌਕੇ ਉਪਰ ਪੁੱਜ ਕੇ ਲੰਘ ਰਹੇ 2 ਟਿੱਪਰਾਂ ਨੂੰ ਰੋਕ ਕੇ ਜਦ ਜਾਂਚ ਕੀਤੀ ਤਾਂ ਚਾਲਕਾਂ ਕੋਲੋਂ ਮਾਈਨਿੰਗ ਦੀ ਕੋਈ ਪਰਚੀ ਨਾ ਮਿਲੀ। ਇਸ ’ਤੇ ਉਨ੍ਹਾਂ ਦੋਨੋਂ ਟਿੱਪਰਾਂ ਨੂੰ ਪੁਲੀਸ ਹਵਾਲੇ ਕਰ ਦਿੱਤਾ। ਇਸ ਸਬੰਧੀ ਜਦੋਂ ਥਾਣਾ ਇੰਚਾਰਜ ਨਵਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਦੋਨੋਂ ਟਿੱਪਰ ਜ਼ਬਤ ਕਰ ਲਏ ਗਏ ਹਨ ਅਤੇ ਮਾਈਨਿੰਗ ਵਿਭਾਗ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ।